ਮੁਲਜ਼ਮਾਂ ਦੇ ਕਬਜ਼ੇ ’ਚੋਂ 2.19 ਕਿਲੋ ਹੈਰੋਇਨ, ਤਿੰਨ ਅਤਿ-ਆਧੁਨਿਕ ਪਿਸਤੌਲ, 2.60 ਲੱਖ ਰੁਪਏ ਦੀ ਡਰੱਗ ਮਨੀ ਅਤੇ ਫਾਰਚੂਨਰ ਕਾਰ ਹੋਈ ਬਰਾਮਦ
ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਤ ਤੇ ਮਹਿਫੂਜ਼ ਸੂਬਾ ਬਣਾਉਣ ਲਈ ਵਚਨਬੱਧ
ਗਿਰੋਹ ਦਾ ਸਰਗਨਾਹ ਮਨਜੀਤ ਉਰਫ਼ ਭੋਲਾ ਪਾਕਿ ਅਧਾਰਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਡਰੋਨ ਰਾਹੀਂ ਪ੍ਰਾਪਤ ਕਰਦਾ ਸੀ ਖੇਪ: ਡੀ.ਜੀ.ਪੀ. ਗੌਰਵ ਯਾਦਵ
ਮੁਲਜ਼ਮ ਮਨਜੀਤ, ਗ੍ਰਿਫਤਾਰ ਕੀਤੀ ਆਂਗਣਵਾੜੀ ਵਰਕਰ ਦੇ ਘਰ ਛੁਪਾਉਂਦਾ ਸੀ ਨਸ਼ਿਆਂ ਤੇ ਹਥਿਆਰਾਂ ਦੀ ਖੇਪ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ
ਚੰਡੀਗੜ੍ਹ/ਅੰਮ੍ਰਿਤਸਰ, 3 ਜਨਵਰੀ: ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਗਿਰੋਹ ਦਾ ਮੁੱਖ ਸਰਗਨਾਹ ਵੀ ਸ਼ਾਮਲ ਹੈ, ਜਿਸ ਦੀ ਪਛਾਣ ਮਨਜੀਤ ਸਿੰਘ ਉਰਫ਼ ਭੋਲਾ ਵਾਸੀ ਪਿੰਡ ਝੰਜੋਟੀ, ਅਜਨਾਲਾ ਵਜੋਂ ਕੀਤੀ ਗਈ ਹੈ। ਇਹ ਜਾਣਕਾਰੀ ਡੀਜਪੀ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਫੜੇ ਗਏ ਹੋਰ 11 ਵਿਅਕਤੀਆਂ ਦੀ ਪਛਾਣ ਅਨਿਕੇਤ ਵਰਮਾ ਵਾਸੀ ਛੇਹਰਟਾ; ਜੋਬਨਪ੍ਰੀਤ ਸਿੰਘ ਉਰਫ ਜੋਬਨ ਵਾਸੀ ਛੇਹਰਟਾ; ਬਬਲੀ ਵਾਸੀ ਨਰਾਇਣਗੜ੍ਹ, ਛੇਹਰਟਾ; ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਗੁਰੂ ਕੀ ਵਡਾਲੀ; ਅੰਮ੍ਰਿਤਪਾਲ ਸਿੰਘ ਉਰਫ ਅੰਸ਼ ਵਾਸੀ ਨਰਾਇਣਗੜ੍ਹ, ਛੇਹਰਟਾ; ਰੇਸ਼ਮਾ ਵਾਸੀ ਕਰਤਾਰ ਨਗਰ, ਛੇਹਰਟਾ ; ਹਰਸ਼ਪ੍ਰੀਤ ਸਿੰਘ ਉਰਫ਼ ਹਰਮਨ ਉਰਫ਼ ਹੰਮਾ ਵਾਸੀ ਪਿੰਡ ਠੰਡਾ (ਅੰਮ੍ਰਿਤਸਰ); ਅੰਮ੍ਰਿਤਸਰ ਦੇ ਪਿੰਡ ਫਤਿਹਪੁਰ ਦੇ ਮਨਦੀਪ ਸਿੰਘ ਉਰਫ ਕੌਸ਼ਲ ਉਰਫ ਜੋਸ਼ੀ ਵਾਸੀ ਪਿੰਡ ਫਤਿਹਪੁਰ ( ਅੰਮ੍ਰਿਤਸਰ); ਗੁਰਪ੍ਰੀਤ ਸਿੰਘ ਉਰਫ ਗੋਪੀ , ਲਵਪ੍ਰੀਤ ਸਿੰਘ ਉਰਫ ਜਸ਼ਨ ਦੋਵੇਂ ਵਾਸੀ ਪਿੰਡ ਫਤਿਹਪੁਰ ਅਤੇ ਅਕਾਸ਼ਦੀਪ ਸਿੰਘ ਉਰਫ ਅਰਸ਼ ਵਾਸੀ ਛੇਹਰਟਾ ਵਜੋਂ ਹੌਈ ਹੈ।
ਪੁਲਿਸ ਟੀਮਾਂ ਨੇ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 2.19 ਕਿਲੋ ਹੈਰੋਇਨ, ਤਿੰਨ ਅਤਿ-ਆਧੁਨਿਕ ਪਿਸਤੌਲ ਜਿਸ ਵਿੱਚ ਦੋ ਆਟੋਮੈਟਿਕ ਪਿਸਤੌਲ ਹਨ ਅਤੇ 2.60 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ , ਇਸ ਤੋਂ ਇਲਾਵਾ ਮੁਲਜ਼ਮਾਂ ਦੀ ਟੋਇਟਾ ਫਾਰਚੂਨਰ ਕਾਰ ਨੂੰ ਵੀ ਜ਼ਬਤ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਮਨਜੀਤ ਉਰਫ਼ ਭੋਲਾ, ਜੋ ਕਿ ਗਿਰੋਹ ਦਾ ਸਰਗਨਾਹ ਹੈ, ਪਾਕਿਸਤਾਨ ਸਥਿਤ ਤਸਕਰਾਂ/ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਡਰੋਨਾਂ ਦੀ ਮਦਦ ਨਾਲ ਰਮਦਾਸ ਅਤੇ ਅਜਨਾਲਾ ਸਰਹੱਦੀ ਸੈਕਟਰਾਂ ’ਤੇ ਖੇਪ ਸੁੱਟੀ ਜਾਂਦੀ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਅਗਲੇਰੇ-ਪਿਛਲੇਰੀ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋਸ਼ੀ ਅਨਿਕੇਤ ਦੇ ਨਸ਼ਾ ਤਸਕਰੀ ਦੇ ਕਾਰੋਬਾਰ ’ਚ ਸ਼ਾਮਲ ਹੋਣ ਦੀ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਉਸ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਨਿਕੇਤ ਦੀ ਗ੍ਰਿਫਤਾਰੀ ਨੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਅਤੇ ਮੁੱਖ ਸਰਗਨਾਹ ਮਨਜੀਤ ਉਰਫ਼ ਭੋਲਾ ਅਤੇ ਉਸ ਦੇ ਸਾਰੇ ਸਾਥੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਨ ਵਿਚ ਪੁਲਿਸ ਨੂੰ ਸਫ਼ਲਤਾ ਹਾਸਲ ਹੋਈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆ ਵਿੱਚੋਂ ਪੰਜ ਦੋਸ਼ੀਆਂ ਨੂੰ ਜੰਮੂ-ਕਸ਼ਮੀਰ ਪੁਲਿਸ ਦੀ ਮਦਦ ਨਾਲ ਜੰਮੂ-ਕਸ਼ਮੀਰ ਤੋਂ ਗ੍ਰਿਫਤਾਰ ਕੀਤਾ ਗਿਆ ।
ਸੀ.ਪੀ. ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਮਨਜੀਤ ਉਰਫ਼ ਭੋਲਾ ਗ੍ਰਿਫ਼ਤਾਰ ਕੀਤੀ ਗਈ ਔਰਤ ਬਬਲੀ, ਜੋ ਕਿ ਇੱਕ ਆਂਗਣਵਾੜੀ ਵਰਕਰ ਹੈ, ਦੇ ਘਰ ਨੂੰ ਖੇਪਾਂ ਛੁਪਾਉਣ ਲਈ ਵਰਤ ਰਿਹਾ ਸੀ ਅਤੇ ਅਤੇ ਇਨ੍ਹਾਂ ਖੇਪਾਂ ਨੂੰ ਅੱਗੇ ਵੰਡਣ ਵਿੱਚ ਉਹ ਆਪਣੇ ਸਾਥੀਆਂ ਦੀ ਮਦਦ ਲੈਂਦਾ ਸੀ । ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀ ਦੀ ਸੰਭਾਵਨਾ ਹੈ।
ਇਸ ਸਬੰਧੀ ਐਫ.ਆਈ.ਆਰ. 226 ਮਿਤੀ 24.12.2024 ਨੂੰ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਬੀ), (ਸੀ)/27-ਏ ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਹੈ।
Powered by Froala Editor
Punjab-Police-Busts-Cross-border-Drug-And-Weapon-Smuggling-Cartel-Kingpin-Among-12-Held
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)