ਚੰਡੀਗੜ੍ਹ, 4 ਜਨਵਰੀ-- ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਭਾਰਤ ਸਰਕਾਰ ਨੇ ਕਾਰਪੋਰੇਸ਼ਨ ਨੂੰ ਵਿੱਤੀ ਸਾਲ 2022-23 ਦੌਰਾਨ ਸੂਬੇ ਦੀ ਰੂਫਟਾਪ ਸੋਲਰ ਊਰਜਾ ਵਿੱਚ 60.51 ਮੈਗਾਵਾਟ ਦੇ ਸਫਲਤਪੂਰਵਕ ਵਾਧੇ ਲਈ 11.39 ਕਰੋੜ ਰੁਪਏ ਦਾ ਵਿੱਤੀ ਇਨਾਮ ਦਿੱਤਾ ਹੈ। ਇਸ ਸਮਰੱਥਾ ਵਾਧੇ ਨਾਲ ਰੋਜ਼ਾਨਾ ਲਗਭਗ 2.4 ਲੱਖ ਯੂਨਿਟ ਸੂਰਜੀ ਊਰਜਾ ਪੈਦਾ ਹੋਣ ਦੀ ਉਮੀਦ ਹੈ, ਜੋ ਕਿ ਪੰਜਾਬ ਵੱਲੋਂ ਸਾਫ਼ ਅਤੇ ਟਿਕਾਊ ਊਰਜਾ ਅਪਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਰੂਫਟਾਪ ਸੋਲਰ ਸਮਰੱਥਾ ਦੀ ਸਮਰੱਥਾ ਵਿੱਚ ਹੋਈ ਮਹੱਤਵਪੂਰਨ ਤਰੱਕੀ 'ਤੇ ਰੋਸ਼ਨੀ ਪਾਉਂਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਵਿੱਤੀ ਸਾਲ 2023-24 ਦੌਰਾਨ ਵੀ 86 ਮੈਗਾਵਾਟ ਦਾ ਪ੍ਰਭਾਵਸ਼ਾਲੀ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਰੂਫ਼ਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ ਹੁਣ ਤੱਕ 430 ਮੈਗਾਵਾਟ ਹੋ ਗਈ ਹੈ, ਜੋ ਰਾਜ ਦੀ ਨਵਿਆਉਣਯੋਗ ਊਰਜਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਪ੍ਰਾਪਤੀ ਦੇ ਬਹੁਪੱਖੀ ਲਾਭਾਂ ਨੂੰ ਦਰਸਾਉਂਦੇ ਹੋਏ, ਬਿਜਲੀ ਮੰਤਰੀ ਨੇ ਕਿਹਾ ਕਿ ਇਸ ਸਮਰੱਥਾ ਵਾਧੇ ਤੋਂ ਪੈਦਾ ਹੋਣ ਵਾਲੀ ਸੂਰਜੀ ਊਰਜਾ ਪੀ.ਐਸ.ਪੀ.ਸੀ.ਐਲ ਦੇ ਖਪਤਕਾਰਾਂ ਲਈ ਬਿਜਲੀ ਦੇ ਬਿੱਲਾਂ ਵਿੱਚ ਮਹੱਤਵਪੂਰਨ ਕਮੀ ਕਰੇਗੀ ਅਤੇ ਵਾਤਾਵਰਣ ਨੂੰ ਬਹੁਤ ਲਾਭ ਪਹੁੰਚਾਏਗੀ। ਉਨ੍ਹਾਂ ਨੇ ਰਾਜ ਦੇ ਘਰੇਲੂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਰੂਫ਼ਟਾਪ ਸੋਲਰ ਸਿਸਟਮ ਲਗਾਉਣ ਅਤੇ ਪਹਿਲੇ 2 ਕਿਲੋਵਾਟ ਲਈ 30,000 ਰੁਪਏ ਪ੍ਰਤੀ ਕਿਲੋਵਾਟ, 2 ਕਿਲੋਵਾਟ ਤੋਂ 3 ਕਿਲੋਵਾਟ ਤੱਕ 18,000 ਰੁਪਏ ਪ੍ਰਤੀ ਕਿਲੋਵਾਟ, ਅਤੇ 3 ਕਿਲੋਵਾਟ ਲਈ ਕੁੱਲ 78,000 ਰੁਪਏ ਦੀ ਸਬਸਿਡੀ ਦਾ ਲਾਭ ਲੈਣ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਗੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਨੇ ਰੂਫ਼ਟਾਪ ਸੋਲਰ ਨੂੰ ਅਪਣਾਉਣ ਦੀ ਸਹੂਲਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਰਪਿਤ ਨੋਡਲ ਦਫ਼ਤਰ ਸ਼ੁਰੂ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਸੂਰਜੀ ਊਰਜਾ ਦੀ ਵਰਤੋਂ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਲਈ ਸਿੰਗਲ-ਪੁਆਇੰਟ ਸੰਪਰਕ ਪ੍ਰਦਾਨ ਕਰਨਾ ਹੈ। ਇਸ ਨੋਡਲ ਦਫ਼ਤਰ ਨਾਲ 9646129246 'ਤੇ ਫ਼ੋਨ ਕਰ ਕੇ ਜਾਂ rts.ipc@gmail.com 'ਤੇ ਈਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਰੂਫਟਾਪ ਸੂਰਜੀ ਊਰਜਾ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਵਿਆਪਕ ਜਨਤਕ ਜਾਗਰੂਕਤਾ ਪੈਦਾ ਕਰਨ ਲਈ, ਪੀ.ਐਸ.ਪੀ.ਸੀ.ਐਲ ਨੇ ਪ੍ਰਮੁੱਖ ਅਖਬਾਰਾਂ ਵਿੱਚ ਵੱਖ-ਵੱਖ ਇਸ਼ਤਿਹਾਰਾਂ ਅਤੇ ਆਪਣੀ ਅਧਿਕਾਰਤ ਵੈੱਬਸਾਈਟ ਰਾਹੀਂ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਇਹਨਾਂ ਪਹਿਲਕਦਮੀਆਂ ਦਾ ਉਦੇਸ਼ ਲੋਕਾਂ ਨੂੰ ਉਹਨਾਂ ਦੀਆਂ ਬਿਜਲੀ ਲੋੜਾਂ ਲਈ ਸੂਰਜੀ ਊਰਜਾ ਹੱਲ ਅਪਣਾਉਣ ਪ੍ਰਤੀ ਜਾਗਰੂਕ ਕਰਨਾ ਅਤੇ ਪ੍ਰੇਰਿਤ ਕਰਨਾ ਹੈ। ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਿਜਲੀ ਮਿਸ਼ਰਣਉਤਪਾਦਨ ਵਿੱਚ ਸਾਫ਼-ਸੁਥਰੀ ਅਤੇ ਲਾਗਤ ਪੱਖੋਂ ਪ੍ਰਭਾਵਸ਼ਾਲੀ ਨਵਿਆਉਣਯੋਗ ਊਰਜਾ ਦਾ ਹਿੱਸਾ ਵਧਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਰੂਫ਼ਟਾਪ ਸੋਲਰ ਊਰਜਾ ਨੂੰ ਉਤਸ਼ਾਹਿਤ ਕਰਕੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਸਾਰਥਕ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਲਈ ਇੱਕ ਟਿਕਾਊ ਭਵਿੱਖ ਨੂੰ ਯਕੀਨੀ ਬਣਾਉਣ ਲਈ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਹੋਰ ਵਧਾਉਣ ਪ੍ਰਤੀ ਵਚਨਬੱਧ ਹੈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)