ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 2023 ਦੀ ਨਿਊਜ਼ ਇੰਟਰਵਿਊ ਦੇ ਸਬੰਧ ਵਿਚ ਮੁੱਖ ਸਾਜ਼ਿਸ਼ਕਰਤਾ ਵਜੋਂ ਪਛਾਣੇ ਗਏ ਇਕ ਡੀ. ਐਸ. ਪੀ ਦੀ ਨੌਕਰੀ ਗੁਆਉਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਵਿਸ਼ੇਸ਼ ਡੀ ਜੀ ਪੀ (ਮਨੁੱਖੀ ਅਧਿਕਾਰ) ਪ੍ਰਮੋਦ ਕੁਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦੇ ਨਤੀਜਿਆਂ ਦੇ ਆਧਾਰ ਤੇ ਪੰਜਾਬ ਸਰਕਾਰ ਵਲੋਂ ਅੱਜ ਹਾਈਕੋਰਟ ਵਿਚ ਕਿਹਾ ਗਿਆ ਕਿ ਡੀ. ਐਸ. ਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਕਰਦਿਆਂ ਉਕਤ ਫਾਇਲ ਪੀ. ਪੀ. ਐਸ. ਸੀ. ਨੂੰ ਭੇਜ ਦਿੱਤੀ ਗਈ ਹੈ।
ਇੱਕ ਟੀ ਵੀ ਚੈਨਲ ਤੇ ਮਾਰਚ 2023 ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪ੍ਰਸਾਰਿਤ ਕੀਤੀ ਗਈ ਸੀ ਜਿਹੜੀ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਸੀ ਜਦੋਂ ਬਿਸ਼ਨੋਈ ਸੀ ਆਈ ਏ ਦੀ ਹਿਰਾਸਤ ਵਿਚ ਸੀ। ਗੁਰਸ਼ੇਰ ਸਿੰਘ ਉਸ ਸਮੇਂ ਡੀ. ਐਸ. ਪੀ (ਇਨਵੈਸਟੀਗੇਸ਼ਨ) ਸਨ ਅਤੇ ਬਿਸ਼ਨੋਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਕੇਸ ਵਿਚ ਤਿਹਾੜ ਜੇਲ੍ਹ ਤੋਂ ਖਰੜ ਸੀ. ਆਈ. ਏ. ਲਿਆਂਦਾ ਗਿਆ ਸੀ।
ਬਾਅਦ ਵਿੱਚ ਰਾਜ ਦੇ ਗ੍ਰਹਿ ਵਿਭਾਗ ਨੇ ਪੁਲੀਸ ਦੀ ਹਿਰਾਸਤ ਵਿੱਚੋਂ ਬਿਸ਼ਨੋਈ ਦੀ ਇੰਟਰਵਿਊ ਲਈ ਕਥਿਤ ਤੌਰ ਤੇ ਸਹੂਲਤ ਦੇਣ ਲਈ ਦੋ ਡੀ ਐਸ ਪੀ ਸਮੇਤ ਸੱਤ ਪੁਲੀਸ ਅਧਿਕਾਰੀਆਂ ਡੀ. ਐਸ. ਪੀ ਗੁਰਸ਼ੇਰ ਸਿੰਘ ਸੰਧੂ ਅਤੇ ਸਮਰ ਵਨੀਤ ਤੋਂ ਇਲਾਵਾ ਸਬ-ਇੰਸਪੈਕਟਰ ਰੀਨਾ, ਜਗਤਪਾਲ ਜਾਂਗੂ, ਸ਼ਗਨਜੀਤ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਨੂੰ ਮੁਅੱਤਲ ਕੀਤਾ ਗਿਆ ਸੀ।
ਪਿਛਲੇ ਸਾਲ ਮਾਰਚ ਵਿਚ ਜਦੋਂ ਇੱਕ ਟੀ ਵੀ ਚੈਨਲ ਤੇ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਪ੍ਰਸਾਰਿਤ ਕੀਤੇ ਗਏ ਸਨ। ਇਹ ਇੰਟਰਵਿਊ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪ੍ਰਸਾਰਿਤ ਹੋਈ। ਉਸ ਸਮੇਂ ਮ੍ਰਿਤਕ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੋਸ਼ ਲਾਇਆ ਸੀ ਕਿ ਪੁਲੀਸ ਗੈਂਗਸਟਰ ਨਾਲ ਮਿਲੀਭੁਗਤ ਕਰ ਰਹੀ ਹੈ, ਬਾਅਦ ਵਿਚ ਐਸ ਆਈ ਟੀ ਨੇ ਉਸ ਦੇ ਦੋਸ਼ਾਂ ਨੂੰ ਸਹੀ ਪਾਇਆ ਸੀ।