ਥਾਣਾ ਡੇਰਾਬਸੀ ਦੀ ਪੁਲੀਸ ਹਿਰਾਸਤ ਵਿੱਚੋਂ ਭੱਜ ਰਹੇ ਇਕ ਝਪਟਮਾਰ ਦੇ ਡਿੱਗਣ ਕਾਰਨ ਉਸਦੇ ਪੈਰ ਵਿੱਚ ਫਰੈਕਚਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰਿਫਤਾਰ ਝਪਟਮਾਰ ਦੀ ਪਛਾਣ ਬਲਜਿੰਦਰ ਸਿੰਘ ਉਰਫ ਜਿੰਦਰ ਪਿੰਡ ਸੁੰਦਰਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 24 ਨਵੰਬਰ ਨੂੰ ਮਦਨ ਸਿੰਘ ਵਾਸੀ ਮੀਰਪੁਰ ਜਾ ਰਿਹਾ ਸੀ, ਇਸ ਦੌਰਾਨ ਮੁਲਜਮ ਬਲਜਿੰਦਰ ਸਿੰਘ ਨੇ ਉਸ ਦਾ ਮੋਬਾਇਲ ਫੋਨ ਖੋਹ ਲਿਆ। ਪੁਲੀਸ ਨੇ ਇਸ ਮਾਮਲੇ ਵਿੱਚ ਬਲਜਿੰਦਰ ਸਿੰਘ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਹੋਣ ਤੋਂ ਬਾਅਦ ਅੱਜ ਮੁਲਜਮ ਬਲਜਿੰਦਰ ਸਿੰਘ (ਜੋ ਪੁਲੀਸ ਹਿਰਾਸਤ ਵਿੱਚ ਸੀ) ਪੁਲੀਸ ਨੂੰ ਚਕਮਾ ਦੇ ਕੇ ਭੱਜਿਆ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਪਿਆ।
ਇਸ ਹਾਦਸੇ ਵਿੱਚ ਬਲਜਿੰਦਰ ਸਿੰਘ ਦੇ ਸੱਜੇ ਪੈਰ ਵਿੱਚ ਫੈਕਚਰ ਆ ਗਿਆ। ਪੁਲੀਸ ਨੇ ਬਲਜਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਬਲਜਿੰਦਰ ਸਿੰਘ ਦੇ ਪੈਰ ਤੇ ਪਲੱਸਤਰ ਲਗਾ ਕੇ ਉਸ ਨੂੰ ਛੁੱਟੀ ਦੇ ਦਿੱਤੀ ਅਤੇ ਪੁਲੀਸ ਵਲੋਂ ਉਸ ਨੂੰ ਆਪਣੀ ਹਿਰਾਸਤ ਲੈ ਲਿਆ ਗਿਆ। ਪੁਲੀਸ ਮੁਤਾਬਕ ਮੁਲਜਮ ਬਲਜਿੰਦਰ ਸਿੰਘ ਦਾ ਪਿਛੋਕੜ ਅਪਰਾਧਿਕ ਹੈ।