ਪਿੰਡ ਮਟੌਰ ਅਤੇ ਪਿੰਡ ਰਾਏਪੁਰ ਵਿੱਚ ਵੀ ਦੋ ਵਿਅਕਤੀਆਂ ਵੱਲੋਂ ਖੁਦਕੁਸ਼ੀ
ਮੋਹਾਲੀ, 19 ਨਵੰਬਰ
ਗੁਰਵਿੰਦਰ ਸਿੰਘ
ਮੋਹਾਲੀ ਵਿੱਚ ਇੱਕੋ ਦਿਨ ਵਿੱਚ ਚਾਰ ਮੌਤਾਂ ਹੋਣ ਦਾ ਸਮਾਚਾਰ ਹੈ। ਇਸ ਦੌਰਾਨ ਫੇਜ਼ 1 ਵਿਖੇ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਅਤੇ ਉਸਦੇ ਨਾਲ ਰਹਿੰਦੀ ਨੌਜਵਾਨ ਲੜਕੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦੀ ਗੱਲ ਆਖੀ ਜਾ ਰਹੀ ਹੈ ਜਦੋਂਕਿ ਪਿੰਡ ਮਟੌਰ ਅਤੇ ਪਿੰਡ ਰਾਏਪੁਰ ਵਿੱਚ ਵੀ ਦੋ ਵਿਅਕਤੀਆਂ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ।
ਪਹਿਲੇ ਮਾਮਲੇ ਵਿੱਚ ਸਥਾਨਕ ਫੇਜ਼ 1 ਵਿਚਲੀ ਕੋਠੀ ਨੰ 659 ਦੀ ਟਾਪ ਫਲੋਰ ਤੇ ਰਹਿੰਦੇ ਜੋੜੇ ਦੀ ਮੌਤ ਦਾ ਮਾਮਲਾ ਸਾਮ੍ਹਣੇ ਆਇਆ ਹੈ। ਪੁਲੀਸ ਸੂਤਰਾਂ ਮੁਤਾਬਕ ਪਹਿਲੀ ਨਜਰ ਵਿੱਚ ਇੰਝ ਜਾਪਦਾ ਹੈ ਕਿ ਇੱਥੇ ਰਹਿੰਦੇ ਅਨਫ ਜਮਾਲ ਨਾਮ ਦੇ ਵਿਅਕਤੀ ਵਲੋਂ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ ਜਦੋਂਕਿ ਉਸ ਦੀ ਮਹਿਲਾ ਦੋਸਤ ਨਿਧੀ ਵੱਲੋਂ ਆਪਣੀ ਚੁੰਨੀ ਨਾਲ ਗਲਾ ਘੁੱਟ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਪੁਲੀਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਬਾਰੇ ਪਤਾ ਲੱਗੇਗਾ। ਇਸ ਸਬੰਧੀ ਥਾਣਾ ਫੇਜ਼-1 ਦੇ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਅਨਫ ਜਮਾਲ ਸਹਾਰਨਪੁਰ ਦਾ ਰਹਿਣ ਵਾਲਾ ਹੈ ਅਤੇ ਨਿਧੀ ਬਿਹਾਰ ਦੀ ਰਹਿਣ ਵਾਲੀ ਹੈ। ਦੋਵੇਂ ਜਣੇ ਮੁਹਾਲੀ ਦੀਆਂ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀ ਕਰਦੇ ਸਨ। ਉਹਨਾਂ ਦੱਸਿਆ ਕਿ ਨੌਕਰੀ ਤੋਂ ਜਮਾਲ ਅਤੇ ਨਿਧੀ ਦੇ ਵੱਖ-ਵੱਖ ਹੱਥ ਲਿਖਤ ਸੁਸਾਇਡ ਨੋਟ ਮਿਲੇ ਹਨ ਜਿਨ੍ਹਾਂ ਵਿੱਚ ਦੋਵਾਂ ਨੇ ਲਿਖਿਆ ਹੈ ਕਿ ਉਹਨਾਂ ਨੂੰ ਮੁਨੀਸ਼ ਨਾਂ ਦਾ ਵਿਅਕਤੀ ਤੰਗ ਪ੍ਰੇਸ਼ਾਨ ਅਤੇ ਬਲੈਕਮੇਲ ਕਰ ਰਿਹਾ ਹੈ। ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਨਫ ਜਮਾਲ ਪਿਛਲੇ ਕਰੀਬ ਡੇਢ
ਸਾਲ ਤੋਂ ਉਕਤ ਕੋਠੀ ਵਿਚ ਕਿਰਾਏ ਤੇ ਰਹਿ ਰਿਹਾ ਸੀ। ਬੀਤੇ ਦਿਨੀਂ
ਉਸਦੀ ਮਹਿਲਾ ਦੋਸਤ ਉਸ ਨੂੰ ਮਿਲਣ ਲਈ ਆਈ ਹੋਈ ਸੀ ਅਤੇ ਇਸ
ਦੌਰਾਨ ਅਨਫ ਜਮਾਲ ਕੰਮ ਤੇ ਵੀ ਨਹੀਂ ਜਾ ਰਿਹਾ ਸੀ। ਕੰਮ ਤੇ ਨਾ ਜਾਣ
ਕਾਰਨ, ਜਿਸ ਕੰਪਨੀ ਵਿੱਚ ਉਹ ਕੰਮ ਕਰ ਰਿਹਾ ਸੀ ਦੇ ਸੀਨੀਅਰ
ਅਫਸਰ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆਉਣ ਲੱਗ
ਪਿਆ। ਉਸ ਦਾ ਸੀਨੀਅਰ ਅਫਸਰ ਅੱਜ ਜਿਵੇਂ ਹੀ ਜਮਾਲ ਦੇ ਘਰ
ਪਹੁੰਚਿਆ ਅਤੇ ਦਰਵਾਜਾ ਖੜਕਾਇਆ ਤਾਂ ਦਰਵਾਜਾ ਅੰਦਰੋਂ ਬੰਦ ਸੀ ਅਤੇ ਕਿਸੇ ਨੇ ਵੀ ਅੰਦਰੋਂ ਜਵਾਬ ਨਹੀਂ ਦਿੱਤਾ। ਜਮਾਲ ਦੇ ਸੀਨੀਅਰ ਨੇ ਮਕਾਨ ਮਾਲਕ ਨੂੰ ਇਸ ਬਾਰੇ ਦੱਸਿਆ ਕਿ ਉਹਨਾਂ ਦੀ ਮੱਦਦ ਨਾਲ ਜਿਵੇਂ ਹੀ ਦਰਵਾਜੇ ਦੀ ਕੁੰਡੀ ਤੋੜੀ ਤਾਂ ਦੇਖਿਆ ਕਿ ਜਮਾਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਨਾਲ ਹੀ ਲੜਕੀ ਦੀ ਲਾਸ਼ ਵੀ ਪਈ ਹੋਈ ਸੀ। ਲੜਕੀ ਦੇ ਗਲੇ ਵਿੱਚ ਚੁੰਨੀ ਲਿਪਟੀ ਹੋਈ ਸੀ। ਉਧਰ ਪੁਲੀਸ ਵਲੋਂ ਲੜਕੇ ਦੇ ਪਰਿਵਾਰ ਨੂੰ ਸੂਚਨਾ ਦੇਣ ਉਪਰੰਤ ਮ੍ਰਿਤਕ ਦੇ ਲੜਕੇ ਦਾ ਪਿਤਾ ਮੁਹਾਲੀ ਪਹੁੰਚ ਗਿਆ ਹੈ।
ਦੂਜੇ ਮਾਮਲੇ ਵਿੱਚ ਪਿੰਡ ਮਟੌਰ ਦੇ ਰਹਿਣ ਵਾਲੇ ਦੇਸ ਰਾਜ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਦੇਸ ਰਾਜ ਪੇਸ਼ੇ ਵਜੋਂ ਰਾਜ ਮਿਸਤਰੀ ਸੀ। ਪਰਿਵਾਰ ਵਲੋਂ ਕਿਸੇ ਤੇ ਕੋਈ ਸ਼ੱਕ ਸ਼ੁਭਾ ਨਾ ਹੋਣ ਕਾਰਨ ਮਟੌਰ ਪੁਲੀਸ ਨੇ 194 ਬੀ.ਐਸ.ਐਸ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਤੀਜਾ ਮਾਮਲਾ ਥਾਣਾ ਸੋਹਾਣਾ ਅਧੀਨ ਆਉਂਦੇ ਪਿੰਡ ਰਾਏਪੁਰ ਕਲਾਂ ਦਾ ਹੈ। ਇਸ ਸਬੰਧੀ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਪਹਿਚਾਨ ਆਫਤਾਬ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਫਤਾਬ ਦਾ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਸ਼ਰਾਬ ਪੀਣ ਦਾ ਆਦੀ ਹੈ। ਮ੍ਰਿਤਕ ਦੀ ਪਤਨੀ ਨੇ ਪੁਲੀਸ ਨੂੰ ਦਸਿਆ ਕਿ ਰਾਤ ਨੂੰ ਵੀ ਆਫਤਾਬ ਨੇ ਸ਼ਰਾਬ ਪੀਤੀ ਸੀ ਅਤੇ ਉਹ ਦੋਵੇਂ ਇਕੱਠੇ ਸੁੱਤੇ ਸਨ। ਸਵੇਰੇ ਉਠ ਕੇ ਉਸ ਨੇ ਦੇਖਿਆ ਕਿ ਉਸ ਦੇ ਪਤੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਦਾ ਕਹਿਣਾ ਹੈ ਕਿ ਲਾਸ਼ ਮੁਰਦਾਘਰ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।