ਮੋਹਾਲੀ, 25 ਮਾਰਚ
ਗੁਰਵਿੰਦਰ ਸਿੰਘ
ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਵਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਬਾਕੀ 4 ਸਾਥੀਆਂ ਨੂੰ ਹੈਰੋਇਨ ਦੀ ਤਸਕਰੀ ਕਰਨ ਅਤੇ ਉਨਾਂ ਕੋਲੋਂ ਨਜਾਇਜ ਅਸਲਾ ਬਰਾਮਦ ਹੋਣ ਦੇ ਮਾਮਲੇ ਵਿੱਚ ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਗੈਂਗਸਟਰ ਦਿਲਪ੍ਰੀਤ ਬਾਬਾ, ਹਰਪ੍ਰੀਤ ਕੌਰ ਅਤੇ ਰੁਪਿੰਦਰ ਕੌਰ (ਦੋਵੇਂ ਭੈਣਾਂ), ਵਿਪਨ ਕੁਮਾਰ ਅਤੇ ਅਰੁਣ ਕੁਮਾਰ ਉਰਫ ਸਨੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।
ਪੰਜਾਬ ਪੁਲੀਸ ਦਾ ਐਸ. ਐਸ. ਓ. ਸੀ ਵਿੰਗ ਉਕਤ ਮੁਲਜਮਾਂ ਕੋਲੋਂ ਬਰਾਮਦ ਹੈਰੋਇਨ ਅਤੇ ਨਜਾਇਜ ਅਸਲੇ ਸਬੰਧੀ ਅਦਾਲਤ ਵਿੱਚ ਇਹ ਸਾਬਤ ਹੀ ਨਹੀਂ ਕਰ ਪਾਇਆ ਕਿ ਉਕਤ 1 ਕਿਲੋ ਹੈਰੋਇਨ ਅਤੇ ਨਾਜਾਇਜ ਅਸਲਾ ਉਨਾਂ ਕੋਲੋਂ ਬਰਾਮਦ ਹੋਇਆ ਹੈ। ਅਦਾਲਤ ਦੇ ਇਸ ਫੈਸਲੇ ਕਾਰਨ ਪੰਜਾਬ ਪੁਲੀਸ ਦੀ ਜਿਥੇ ਕਿਰਕਿਰੀ ਹੋਈ, ਉਥੇ ਹੀ ਪੁਲੀਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਵੀ ਲੱਗੇ ਹਨ।
ਪੁਲੀਸ ਦੀ ਕਹਾਣੀ ਮੁਤਾਬਕ ਐਸ. ਐਸ. ਓ. ਸੀ ਵਲੋਂ ਆਪਣੀ ਚਾਰਜਸ਼ੀਟ ਵਿੱਚ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਸੈਕਟਰ-43 ਚੰਡੀਗੜ੍ਹ ਬੱਸ ਸਟੈਂਡ ਦੇ ਕੋਲ ਝੜਪ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੀ ਗ੍ਰਿਫਤਾਰੀ ਕੀਤੀ ਗਈ ਸੀ ਅਤੇ ਗ੍ਰਿਫਤਾਰੀ ਤੋਂ ਬਾਅਦ ਬਾਬੇ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ ਦੋ ਔਰਤਾਂ ਹਰਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਰੂਬੀ (ਜੋ ਆਪਸ ਵਿਚ ਭੈਣਾਂ ਹਨ), ਉਨਾਂ ਦੇ ਕੋਲ ਦਿਲਪ੍ਰੀਤ ਬਾਬਾ ਅਕਸਰ ਆਉਂਦਾ ਜਾਂਦਾ ਸੀ। ਪੁਲੀਸ ਅਨੁਸਾਰ ਦਿਲਪ੍ਰੀਤ ਬਾਬਾ ਉਕਤ ਦੋਵਾਂ ਭੈਣਾਂ ਦੇ ਕੋਲ ਹੈਰੋਇਨ ਅਤੇ ਨਾਜਾਇਜ ਅਸਲਾ ਰਖਦਾ ਸੀ ਅਤੇ ਉਥੋਂ ਹੀ ਆਪਣਾ ਨਜਾਇਜ ਕਾਰੋਬਾਰ ਚਲਾਉਂਦਾ ਸੀ।
ਪੁਲੀਸ ਵਲੋਂ ਰੁਪਿੰਦਰ ਕੌਰ ਦੇ ਚੰਡੀਗੜ੍ਹ ਵਿਚਲੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਪ੍ਰੰਤੂ ਉਹ ਨਹੀਂ ਮਿਲੀ। ਪੁਲੀਸ ਨੇ ਸੂਚਨਾ ਮਿਲਣ ਤੇ ਰੁਪਿੰਦਰ ਕੌਰ ਨੂੰ ਮੁਹਾਲੀ ਤੋਂ ਹਿਰਾਸਤ ਵਿਚ ਲਿਆ ਅਤੇ ਉਸ ਦੀ ਪੁੱਛਗਿੱਛ ਤੋਂ ਬਾਅਦ ਪੁਲੀਸ ਰੁਪਿੰਦਰ ਕੌਰ ਨੂੰ ਆਪਣੇ ਨਾਲ ਲੈ ਕੇ ਉਸ ਦੀ ਭੈਣ ਹਰਪ੍ਰੀਤ ਕੌਰ ਦੇ ਘਰ ਨਵਾਂ ਸ਼ਹਿਰ ਜਿਲੇ ਵਿੱਚ ਪਹੁੰਚੀ, ਜਿਥੇ ਉਨਾਂ ਦੇ ਘਰ ਵਿੱਚੋਂ 1 ਕਿਲੋ ਹੈਰੋਇਨ ਬਰਾਮਦ ਹੋਈ ਦੱਸੀ ਗਈ। ਪੁਲੀਸ ਨੇ ਹਰਪ੍ਰੀਤ ਕੌਰ ਦੀ ਪੁੱਛਗਿੱਛ ਕੀਤੀ ਅਤੇ ਘਰ ਵਿੱਚ ਮੌਜੂਦ ਗੱਦੇ ਦੇ ਹੇਠਾਂ ਤੋਂ 1 ਪਿਸਟਲ 30 ਬੋਰ, 40 ਜਿੰਦਾ ਕਾਰਤੂਸ ਅਤੇ ਇਕ 12 ਬੋਰ ਦੀ ਰਾਈਫਲ ਪੰਪ ਐਕਸ਼ਨ ਬਰਾਮਦ ਹੋਏ ਦਿਖਾਏ ਗਏ।
ਪੁਲੀਸ ਦੀ ਕਹਾਣੀ ਮੁਤਾਬਕ ਦੋਵਾਂ ਭੈਣਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਗਈ, ਜਿਨਾਂ ਪੁਲੀਸ ਨੂੰ ਦੱਸਿਆ ਕਿ ਅਰੁਣ ਕੁਮਾਰ ਉਰਫ ਸਨੀ ਵਾਸੀ ਜਿਲਾ ਰੂਪਨਗਰ ਨਾਂ ਦਾ ਵਿਅਕਤੀ ਦਿਲਪ੍ਰੀਤ ਬਾਬਾ ਅਤੇ ਉਸ ਦੇ ਬਾਕੀ ਸਾਥੀਆਂ ਦੀ ਮੱਦਦ ਕਰਦਾ ਹੈ। ਪੁਲੀਸ ਨੇ ਅਰੁਣ ਕੁਮਾਰ ਸਨੀ ਨੂੰ ਗ੍ਰਿਫਤਾਰ ਕੀਤਾ ਅਤੇ ਸਨੀ ਨੇ ਪੁਲੀਸ ਨੂੰ ਦੱਸਿਆ ਕਿ ਵਿਪਨ ਕੁਮਾਰ ਵਾਸੀ ਸੋਲਨ ਨਾਂ ਦਾ ਵਿਅਕਤੀ ਦਿਲਪ੍ਰੀਤ ਬਾਬਾ ਦੇ ਠਹਿਰਨ ਦਾ ਪ੍ਰਬੰਧ ਕਰਦਾ ਹੈ। ਇਸ ਤੋਂ ਇਲਾਵਾ ਵਿਪਨ ਬੱਦੀ ਨਾਲਾਗੜ੍ਹ ਵਿਖੇ ਬਹੁਤ ਸਾਰੇ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਦਿਲਪ੍ਰੀਤ ਬਾਬਾ ਨੂੰ ਦਿੰਦਾ ਹੈ। ਜਿਹੜੇ ਲੋਕ ਪੈਸੇ ਨਹੀਂ ਦਿੰਦੇ ਉਨਾਂ ਨੂੰ ਦਿਲਪ੍ਰੀਤ ਬਾਬਾ ਤੋਂ ਧਮਕੀ ਭਰਿਆ ਫੋਨ ਕਰਵਾ ਕੇ ਉਨਾਂ ਲੋਕਾਂ ਦੀ ਪ੍ਰੋਟੈਕਸ਼ਨ ਮਨੀ ਦੇ ਰੂਪ ਵਿਚ ਪੈਸੇ ਹਾਸਲ ਕਰਦਾ ਹੈ।
ਪੁਲੀਸ ਦੀ ਕਹਾਣੀ ਮੁਤਾਬਕ ਉਨਾਂ ਇਸ ਮਾਮਲੇ ਵਿੱਚ ਜੁਲਾਈ 2018 ਨੂੰ ਵਿਪਨ ਕੁਮਾਰ ਨੂੰ ਤਫਤੀਸ਼ ਵਿਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਅਤੇ ਪੁਲੀਸ ਵਲੋਂ ਵਿਪਨ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦਿਖਾਇਆ ਗਿਆ। ਐਸ.ਐਸ.ਓ.ਸੀ ਵਲੋਂ ਫੇਜ਼ 1 ਮੁਹਾਲੀ ਵਿਚਲੇ ਥਾਣੇ ਵਿਚ ਦਿਲਪ੍ਰੀਤ ਬਾਬਾ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਅਰੁਣ ਕੁਮਾਰ ਸਨੀ ਅਤੇ ਵਿਪਨ ਕੁਮਾਰ ਵਿਰੁਧ ਐਨ.ਡੀ.ਪੀ.ਐਸ ਐਕਟ, ਆਰਮਜ਼ ਐਕਟ ਧਾਰਾ 212, 216 ਦੇ ਤਹਿਤ ਮਾਮਲਾ ਦਰਜ ਕੀਤਾ मी।