ਅਦਾਲਤੀ ਕਾਰਵਾਈ ਦੌਰਾਨ ਸੇਵਾਦਾਰ ਦੀ ਹੋ ਗਈ ਸੀ ਮੌਤ
ਮੋਹਾਲੀ 15 ਫਰਵਰੀ (ਗੁਰਵਿੰਦਰ ਸਿੰਘ) ਵਧੀਕ ਜਿਲਾ ਸੈਸ਼ਨ ਜੱਜ ਹਰਸਿਮਰਨ ਸਿੰਘ ਦੀ ਅਦਾਲਤ ਵਲੋਂ ਗਮਾਡਾ ਵਿੱਚ ਤਾਇਨਾਤ ਸੁਪਰਡੈਂਟ ਨਰਿੰਦਰਪਾਲ ਸਿੰਘ ਅਤੇ ਸੇਵਾਦਾਰ ਕਰਮ ਸਿੰਘ ਨੂੰ 35 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨਰਿੰਦਰਪਾਲ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ 5 ਸਾਲ ਕੈਦ ਦੀ ਸੁਣਾਈ ਹੈ। ਸੇਵਾਦਾਰ ਕਰਮ ਸਿੰਘ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਗਈ ਸੀ। ਸਰਕਾਰੀ ਧਿਰ ਵਲੋਂ ਜਿਲਾ ਅਟਾਰਨੀ ਵਿਜੀਲੈਂਸ ਮਨਜੀਤ ਸਿੰਘ ਉਕਤ ਕੇਸ ਦੀ ਪੈਰਵਈ ਕਰ ਰਹੇ ਸਨ। ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸ਼ਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਸੈਕਟਰ-78 ਵਿਚਲੇ ਆਪਣੇ ਅਤੇ ਆਪਣੀ ਪਤਨੀ ਦੇ ਨਾਂ ਵਾਲਾ ਪਲਾਟ ਵੇਚਣ ਲਈ ਐਨ. ਓ. ਸੀ. ਲੈਣ ਲਈ ਗਮਾਡਾ ਦੇ ਦਫਤਰ ਵਿੱਚ ਗਿਆ ਸੀ ਜਿੱਥੇ ਉਸ ਨੂੰ ਕਰਮ ਸਿੰਘ ਸੇਵਾਦਾਰ ਮਿਲਿਆ, ਜਿਸਨੇ ਜਲਦੀ ਕੰਮ ਕਰਵਾਉਣ ਦੀ ਗੱਲ ਕਹਿ ਕੇ ਸੁਪਰਡੈਂਟ ਨਰਿੰਦਰਪਾਲ ਸਿੰਘ ਨਾਲ ਮਿਲਾ ਦਿੱਤਾ।
ਨਰਿੰਦਰਪਾਲ ਸਿੰਘ ਨੇ ਉਕਤ ਕੰਮ ਲਈ 7 ਹਜ਼ਾਰ ਦੀ ਮੰਗ ਕੀਤੀ। ਉਹ ਅਗਲੇ ਦਿਨ ਗਿਆ ਤਾਂ ਉਕਤ ਸੁਪਰਡੈਂਟ ਨੇ ਉਸੇ ਕੰਮ ਲਈ 10 ਹਜ਼ਾਰ ਮੰਗਿਆ ਅਤੇ ਅਗਲੇ ਦਿਨ ਆਉਣ ਲਈ ਕਿਹਾ। ਜਦੋਂ ਉਸਨੇ ਐਨ. ਓ. ਸੀ ਸਬੰਧੀ ਸੁਪਰਡੈਂਟ ਨੂੰ ਫੋਨ ਤੇ ਪੁਛਿਆ ਤਾਂ ਸੁਪਰਡੈਂਟ ਨੇ ਆਪਣੀ ਫੀਸ ਵਧਾਉਂਦਿਆ 20 ਹਜ਼ਾਰ ਕਰ ਲਈ। 20 ਹਜ਼ਾਰ ਰੁਪਏ ਲੈ ਕੇ ਜਦੋਂ ਉਹ ਮੁੜ ਗਮਾਡਾ ਦਫਤਰ ਗਿਆ ਤਾਂ ਸੁਪਰਡੈਂਟ ਨੇ 20 ਹਜ਼ਾਰ ਰੁਪਏ ਲੈਣ ਤੋਂ ਇਨਕਾਰ ਕਰਦਿਆਂ ਫਾਈਲ ਵਿੱਚ ਇਕ ਫਾਰਮ ਨਾ ਹੋਣ ਦੀ ਗੱਲ ਕਹਿ ਕੇ 50 ਹਜ਼ਾਰ ਦੀ ਮੰਗ ਕੀਤੀ, ਆਖਰਕਾਰ ਸੌਦਾ 35 ਹਜ਼ਾਰ ਵਿੱਚ ਤੈਅ ਹੋ ਗਿਆ।
ਸ਼ਿਕਾਇਤਕਰਤਾ ਅਨੁਸਾਰ ਉਸਨੇ ਤੰਗ ਆ ਕੇ ਮੁਹਾਲੀ ਵਿਜੀਲੈਂਸ ਦੇ ਦਫਤਰ ਵਿੱਚ ਸ਼ਿਕਾਇਤ ਦਿੱਤੀ। ਇਸਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾਇਆ ਜਿਸ ਤੋਂ ਬਾਅਦ ਸੁਪਰਡੈਂਟ ਨਰਿੰਦਰਪਾਲ ਸਿੰਘ ਅਤੇ ਸੇਵਾਦਾਰ ਕਰਮ ਸਿੰਘ ਨੂੰ ਰੰਗੇ ਹੱਥੀਂ 35 ਹਜਾਰ ਰੁਪਏ ਰਿਸ਼ਵਤ ਲੈਂਦਿਆ ਗ੍ਰਿਫਤਾਰ ਕਰ ਲਿਆ ਗਿਆ ਸੀ।