ਅਰਮੀਨੀਆ ਦੀ ਜੇਲ ਵਿੱਚ ਬੈਠੇ ਲੱਕੀ, ਸ਼ਗਨਪ੍ਰੀਤ ਸਿੰਘ ਸਮੇਤ ਕਈ ਮੁਲਜਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਫਿਲਹਾਲ ਚਾਰਜਸ਼ੀਟ ਵਿੱਚ ਨਾਮ ਨਹੀ
ਮੋਹਾਲੀ, 7 ਨਵੰਬਰ (ਗੁਰਵਿੰਦਰ ਸਿੰਘ) 7 ਅਗਸਤ 2021 ਨੂੰ ਸੈਕਟਰ-70 ਵਿਖੇ ਯੂਥ ਅਕਾਲੀ ਆਗੂ ਅਤੇ ਸੋਪੂ ਲਈ ਕੰਮ ਕਰਦੇ ਵਿਕਰਮਜੀਤ ਸਿੰਘ ਕੁਲਾਰ ਉਰਫ (ਵਿੱਕੀ ਮਿੱਢੂ ਖੇੜਾ) ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਮੁਲਜਮ ਕੌਸ਼ਲ ਚੌਧਰੀ, ਅਮਿਤ ਡਾਗਰ, ਅਜੇ ਉਰਫ ਸਨੀ, ਸੱਜਣ ਉਰਫ ਭੋਲੂ, ਅਨਿਲ ਲੱਠ, ਅਤੇ ਗੈਂਗਸਟਰ ਭੁਪਿੰਦਰ ਉਰਫ ਭੂਪੀ ਰਾਣਾ ਵਿਰੁਧ ਧਾਰਾ 302, 482, 120ਬੀ, 34 ਅਤੇ ਆਰਮਜ਼ ਐਕਟ ਦੇ ਤਹਿਤ ਦੋਸ਼ ਤੈਅ ਕੀਤੇ ਹਨ। ਇਸ ਮਾਮਲੇ ਵਿੱਚ ਅਗਲੀ ਤਰੀਕ ਤੇ ਗਵਾਹੀਆਂ ਸ਼ੁਰੂ ਹੋ ਜਾਣਗੀਆਂ।
ਇਸ ਮਾਮਲੇ ਵਿੱਚ ਪੁਲੀਸ ਵਲੋਂ ਅਰਮੀਨੀਆ ਦੀ ਜੇਲ ਵਿਚ ਬੈਠੇ ਗੌਰਵ ਉਰਫ ਲੱਕੀ ਪਡਿਆਲ (ਜੋ ਬੰਬੀਹਾ ਗੈਂਗ ਦਾ ਸੰਚਾਲਕ ਹੈ) ਸਮੇਤ ਸਿੱਧੂ ਮੂਸੇਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ (ਜੋ ਇਸ ਸਮੇਂ ਵਿਦੇਸ਼ ਵਿੱਚ ਹੈ) ਸਮੇਤ ਕਈ ਮੁਲਜਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪੁਲੀਸ ਵਲੋਂ ਉਨ੍ਹਾਂ ਦੇ ਖਿਲਾਫ ਸ਼ੁਰੂਆਤ ਵਿੱਚ ਚਾਰਜਸ਼ੀਟ ਦਾਖਲ ਨਹੀ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਉਕਤ ਮੁਲਜਮਾਂ ਖਿਲਾਫ ਪੁਲੀਸ ਸਪਲੀਮੈਂਟਰੀ ਚਲਾਨ ਪੇਸ਼ ਕਰ ਸਕਦੀ ਹੈ।
ਜਿਕਰਯੋਗ ਹੈ ਕਿ ਸੈਕਟਰ-70 ਵਿਖੇ 7 ਅਗਸਤ 2021 ਨੂੰ ਹੋਏ ਵਿੱਕੀ ਮਿੱਢੂ ਖੇੜਾ ਦੇ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਇਸ ਕਤਲ ਦੀ ਜਿਮੇਵਾਰੀ ਲਈ ਸੀ ਅਤੇ ਪੁਲੀਸ ਦੀ ਸ਼ੁਰੂਆਤੀ ਜਾਂਚ ਵਿਚ ਬੰਬੀਹਾ ਗੈਂਗ ਚਲਾ ਰਹੇ ਲੱਕੀ ਪਡਿਆਲ ਦਾ ਨਾਮ ਸਾਹਮਣੇ ਆਇਆ ਸੀ। ਜਾਂਚ ਦੌਰਾਨ ਇਹ ਗੱਲ ਸਾਮ੍ਹਣੇ ਆਈ ਸੀ ਕਿ ਲੱਕੀ ਦੇ ਕਹਿਣ ਤੇ ਵਿੱਕੀ ਮਿੱਢੂਖੇੜਾ ਦਾ ਕਤਲ ਕਰਵਾਇਆ ਗਿਆ ਹੈ।
ਪੁਲੀਸ ਦੀ ਕਈ ਹਫਤਿਆ ਦੀ ਜਾਂਚ ਤੋਂ ਬਾਅਦ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਸੀ ਕਿ ਗੈਂਗਸਟਰ ਕੌਸ਼ਲ ਚੌਧਰੀ ਨੇ ਅਮਿਤ ਡਾਗਰ ਨਾਲ ਮਿਲ ਕੇ ਦਿੱਲੀ ਦੀ ਇਕ ਜੇਲ੍ਹ ਵਿੱਚ ਬੈਠ ਕੇ ਵਿੱਕੀ ਮਿੱਢੂ ਖੇੜਾ ਦੇ ਕਤਲ ਦੀ ਸਾਜਿਸ਼ ਰਚੀ ਸੀ ਅਤੇ ਇਹਨਾਂ ਨੇ ਇਸ ਕੰਮ ਲਈ ਕਾਰ ਅਤੇ ਸ਼ੂਟਰਾਂ ਦਾ ਪ੍ਰਬੰਧ ਕਰਕੇ ਵਿੱਕੀ ਮਿੱਢੂ ਖੇੜਾ ਦਾ ਕਤਲ ਕਰਨ ਲਈ ਉਨ੍ਹਾਂ ਨੂੰ ਮੁਹਾਲੀ ਭੇਜਿਆ ਸੀ । ਸ਼ੂਟਰ ਗੁਰੂਗ੍ਰਾਮ ਦੇ ਟੇਕ ਚੰਦ ਕੋਲੋਂ ਆਈ-20 ਕਾਰ ਲੈ ਕੇ ਮੁਹਾਲੀ ਪਹੁੰਚੇ ਸਨ। ਉਧਰ ਜੇਲ ਵਿਚ ਬੰਦ ਗੈਂਗਸਟਰ ਭੂਪੀ ਰਾਣਾ ਨੇ ਵਿੱਕੀ ਮਿੱਢੂ ਖੇੜਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਸਹੀ ਸਲਾਮਤ ਪੰਜਾਬ ਤੋਂ ਹਰਿਆਣਾ ਰਾਹੀਂ ਅੱਗੇ ਸੁਰੱਖਿਅਤ ਜਗਾ ਤੇ ਪਹੁੰਚਾਉਣ ਦਾ ਜਿੰਮਾ ਲਿਆ ਸੀ। ਇਸ ਕਤਲ ਮਾਮਲੇ ਵਿੱਚ ਜਦੋਂ ਕਈ ਮਹੀਨਿਆਂ ਬਾਅਦ ਤਿੰਨ ਸ਼ੂਟਰ ਦਿੱਲੀ ਪੁਲੀਸ ਦੇ ਹੱਥੇ ਚੜੇ ਤਾਂ ਸਾਹਮਣੇ ਆਇਆ ਕਿ ਉਨਾਂ ਸ਼ੂਟਰਾਂ ਨੂੰ ਗਾਇਕ ਸਿੱਧੂ ਮੂਸੇ ਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ ਨੇ ਖਰੜ ਦੇ ਇਕ ਫਲੈਟ ਵਿੱਚ ਠਹਿਰਾਉਣ ਦਾ ਇੰਤਜਾਮ ਕੀਤਾ ਸੀ ਅਤੇ ਉਸ ਨੇ ਹੀ ਤਿੰਨਾ ਸ਼ੂਟਰਾਂ ਦੇ ਨਾਲ ਚੌਥੇ ਸ਼ੂਟਰ ਨੂੰ ਮਿਲਵਾਇਆ ਸੀ। ਸ਼ਗਨਪ੍ਰੀਤ ਸਿੰਘ ਤੇ ਦੋਸ਼ ਹੈ ਕਿ ਉਸ ਨੇ ਹੀ ਸ਼ੂਟਰਾਂ ਨੂੰ ਵਿੱਕੀ ਮਿੱਢੂ ਖੇੜਾ ਦੇ ਘਰ ਅਤੇ ਆਉਣ ਜਾਣ ਦੇ ਸਮੇਂ ਦੇ ਜਾਣਕਾਰੀ ਦਿੱਤੀ ਅਤੇ ਆਪ ਖੁਦ ਵੀ ਵਿੱਕੀ ਦੀ ਰੈਕੀ ਕੀਤੀ ਸੀ।