ਗੈਸ ਦੀ ਕਿੱਲਤ ਦਰਮਿਆਨ ਗੈਰਕਾਨੂੰਨੀ ਵਰਤੋਂ ’ਤੇ ਨੱਥ ਪਾਉਣ ਲਈ ਮੁਹਿੰਮ
• ਪਿਛਲੇ ਹਫ਼ਤੇ ਵੀ ਕਈ ਸਿਲੰਡਰ ਕੀਤੇ ਗਏ ਸਨ ਜਬਤ

ਜਗਰਾਉਂ, 27 ਮਾਰਚ (ਦਵਿੰਦਰ ਜੈਨ, ਫੋਟੋਗ੍ਰਾਫਰ ਅਸ਼ਵਨੀ ਸ਼ਰਮਾ):
ਜਗਰਾਉਂ ਵਿੱਚ ਫੂਡ ਸਪਲਾਈ ਵਿਭਾਗ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਛਾਪੇਮਾਰੀ ਕਰਦਿਆਂ ਫਾਸਟ ਫੂਡ ਸਟਾਲਾਂ ਅਤੇ ਢਾਬਿਆਂ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਗੈਰਕਾਨੂੰਨੀ ਵਰਤੋਂ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਟੀਮ ਨੇ ਕਈ ਥਾਵਾਂ ਤੋਂ ਘਰੇਲੂ ਗੈਸ ਸਿਲੰਡਰ ਜੱਪਤ ਕੀਤੇ।
ਮਿਲੀ ਜਾਣਕਾਰੀ ਮੁਤਾਬਕ ਵਿਭਾਗ ਦੀ ਟੀਮ ਨੇ ਸਵੇਰੇ ਤੋਂ ਹੀ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਚੈਕਿੰਗ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਕਈ ਫਾਸਟ ਫੂਡ ਵੇਚਣ ਵਾਲਿਆਂ ਅਤੇ ਢਾਬਾ ਚਲਾਉਣ ਵਾਲਿਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ ਨੂੰ ਵਪਾਰਕ ਮਕਸਦ ਲਈ ਵਰਤਿਆ ਜਾ ਰਿਹਾ ਸੀ, ਜੋ ਕਿ ਨਿਯਮਾਂ ਦੀ ਉਲੰਘਣਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਗੈਸ ਸਿਲੰਡਰ ਸਿਰਫ਼ ਘਰੇਲੂ ਵਰਤੋਂ ਲਈ ਹੁੰਦੇ ਹਨ ਅਤੇ ਇਨ੍ਹਾਂ ਦੀ ਵਪਾਰਕ ਵਰਤੋਂ ਕਰਨਾ ਕਾਨੂੰਨੀ ਤੌਰ ’ਤੇ ਗਲਤ ਹੈ। ਇਸ ਤਰ੍ਹਾਂ ਦੀ ਉਲੰਘਣਾ ਨਾਲ ਨਾ ਸਿਰਫ਼ ਸਰਕਾਰੀ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਸਗੋਂ ਆਮ ਲੋਕਾਂ ਲਈ ਗੈਸ ਦੀ ਸਪਲਾਈ ’ਤੇ ਵੀ ਅਸਰ ਪੈਂਦਾ ਹੈ।
ਵਿਭਾਗੀ ਟੀਮ ਨੇ ਦੱਸਿਆ ਕਿ ਪਿਛਲੇ ਹਫ਼ਤੇ ਵੀ ਇਸੇ ਤਰ੍ਹਾਂ ਦਾ ਚੈਕਿੰਗ ਅਭਿਆਨ ਚਲਾਇਆ ਗਿਆ ਸੀ, ਜਿਸ ਦੌਰਾਨ ਵੀ ਕਈ ਘਰੇਲੂ ਗੈਸ ਸਿਲੰਡਰ ਜਬਤ ਕੀਤੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ਼ਹਿਰ ਵਿੱਚ ਗੈਸ ਦੀ ਕਿੱਲਤ ਨੂੰ ਦੇਖਦਿਆਂ ਵਿਭਾਗ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਫ਼ੀ ਸਰਾਹਣਯੋਗ ਮੰਨਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਵੀ ਇਸ ਕਾਰਵਾਈ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਨਾਲ ਗੈਸ ਦੀ ਕਾਲਾਬਾਜ਼ਾਰੀ ਅਤੇ ਗਲਤ ਵਰਤੋਂ ’ਤੇ ਰੋਕ ਲੱਗੇਗੀ।
ਫੂਡ ਸਪਲਾਈ ਵਿਭਾਗ ਨੇ ਸਾਰੇ ਵਪਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਘਰੇਲੂ ਗੈਸ ਸਿਲੰਡਰਾਂ ਦੀ ਗੈਰਕਾਨੂੰਨੀ ਵਰਤੋਂ ਤੁਰੰਤ ਬੰਦ ਕਰਨ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।