ਬੀਮਾਰੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਸੂਬੇ ਦੇ ਕੁਝ ਇਲਾਕਿਆਂ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਸਕਿੱਨ ਨਾਮੀ ਲਾਗ ਦੀ ਬੀਮਾਰੀ ਦੀ ਰੋਕਥਾਮ ਅਤੇ ਬਚਾਅ ਲਈ ਜਾਗਰੂਕਤਾ ਵਾਸਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਤੇਜ਼ ਕਰਨ ਦੀ ਹਦਾਇਤ ਕਰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਸ ਬੀਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਮੰਤਰੀ ਨੇ ਦੱਸਿਆ ਕਿ ਲਾਗ ਦੀ ਬੀਮਾਰੀ ਹੋਣ ਕਰਕੇ ਲੰਪੀ ਸਕਿੱਨ ਗਾਵਾਂ/ਮੱਝਾਂ ਵਿੱਚ ਬਹੁਤ ਜਲਦੀ ਫੈਲਦੀ ਹੈ। ਇਸ ਬੀਮਾਰੀ ਦਾ ਵਾਇਰਸ ਕੈਪਰੀ ਪਾਕਸ ਮੱਖੀ/ਮੱਛਰ/ਚਿੱਚੜਾਂ ਰਾਹੀਂ ਪਸ਼ੂਆਂ ਵਿੱਚ ਫੈਲਦਾ ਹੈ ਜਿਸ ਕਾਰਨ ਪਸ਼ੂਆਂ ਨੂੰ ਬੁਖ਼ਾਰ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ ਦੇ ਲਗਭਗ ਸਾਰੇ ਹਿੱਸਿਆਂ ਤੇ ਧੱਫੜ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਪਸ਼ੂ ਹਫ਼ਤੇ ਬਾਅਦ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਡੇਅਰੀ ਫ਼ਾਰਮਰਾਂ ਨੂੰ ਪਸ਼ੂਆਂ ਦੇ ਬਚਾਅ ਲਈ ਬਹੁਤ ਇਹਤਿਆਤ ਵਰਤਣ ਦੀ ਲੋੜ ਹੈ। ਸ. ਭੁੱਲਰ ਨੇ ਖੇਤਰ ਵਿੱਚ ਤੈਨਾਤ ਸਮੂਹ ਵੈਟਰਨਰੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਇਲਾਕੇ ਵਿੱਚ ਨਿਰੰਤਰ ਦੌਰੇ ਕਰਦੇ ਰਹਿਣ ਅਤੇ ਕਿਤੇ ਵੀ ਇਸ ਬੀਮਾਰੀ ਦੇ ਫੈਲਣ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਲੋੜੀਂਦੀ ਸਹਾਇਤਾ ਮੁਹੱਈਆ ਕਰਾਉਣ। ਉਨ੍ਹਾਂ ਕਿਹਾ ਕਿ ਵੈਟਰਨਰੀ ਅਫ਼ਸਰ/ਵੈਟਨਰੀ ਇੰਸਪੈਕਟਰ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਦੇ ਪਸ਼ੂ ਪਾਲਕਾਂ/ਕਿਸਾਨਾਂ ਨੂੰ ਬੀਮਾਰੀ ਦੇ ਲੱਛਣਾਂ/ਰੋਕਥਾਮ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣ ਲਈ ਗੁਰਦੁਆਰਿਆਂ/ਹੋਰ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਾਉਣ ਅਤੇ ਸਰਪੰਚਾਂ ਰਾਹੀਂ ਪਿੰਡ ਵਾਸੀਆਂ ਦਾ ਇਕੱਠ ਕਰਵਾ ਕੇ ਬੀਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕਰਨ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਪਸ਼ੂ ਧਨ ਨੂੰ ਲੰਪੀ ਸਕਿੱਨ ਬੀਮਾਰੀ ਤੋਂ ਬਚਾਉਣ ਲਈ ਜ਼ਿਲ੍ਹਾ ਪੱਧਰੀ ਟੀਮਾਂ ਪਹਿਲਾਂ ਹੀ ਗਠਤ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਾਰਥ ਰੀਜਨਲ ਡਿਵੀਜ਼ਨ ਡਾਇਗਨੌਸਟਿਕ ਲੈਬ (ਐਨ.ਆਰ.ਡੀ.ਡੀ.ਐਲ.) ਜਲੰਧਰ ਦੀ ਟੀਮ ਵੀ ਪ੍ਰਭਾਵਤ ਜ਼ਿਲ੍ਹਿਆਂ ਦਾ ਦੌਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਮੁਲਾਜ਼ਮ ਪਸ਼ੂ-ਪਾਲਕਾਂ ਦੀ ਹਰ ਪੱਖੋਂ ਸਹਾਇਤਾ ਕਰ ਰਹੇ ਹਨ। ਇਸ ਲਈ ਪਸ਼ੂਪਾਲਕ ਕਿਸੇ ਘਬਰਾਹਟ ਵਿੱਚ ਨਾ ਆਉਣ। ਸ. ਭੁੱਲਰ ਨੇ ਉਚੇਚੇ ਤੌਰ ਤੇ ਕਿਹਾ ਕਿ ਭਾਵੇਂ ਇਸ ਬੀਮਾਰੀ ਦੀ ਮਨੁੱਖਾਂ ਵਿੱਚ ਫੈਲਣ ਦੀ ਪੁਸ਼ਟੀ ਨਹੀਂ ਹੋਈ ਪਰ ਫਿਰ ਵੀ ਪਸ਼ੂਆਂ ਦੀ ਦੇਖਭਾਲ ਵਾਲੇ ਕਾਮੇ/ਪਸ਼ੂ ਪਾਲਕ ਹੈਂਡ ਸੈਨੇਟਾਈਜ਼ਰ, ਦਸਤਾਨੇ ਅਤੇ ਮਾਸਕ ਦੀ ਵਰਤੋਂ ਕਰਨ। ਇਸ ਗੱਲ ਦਾ ਵੀ ਖ਼ਾਸ ਖਿਆਲ ਰੱਖਿਆ ਜਾਵੇ ਕਿ ਬੀਮਾਰ ਪਸ਼ੂਆਂ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਤੰਦਰੁਸਤ ਪਸ਼਼ੂਆਂ ਦੇ ਸ਼ੈਡਾਂ ਵਿੱਚ ਨਾ ਜਾਵੇ। ਐਡਵਾਈਜ਼ਰੀ ਮੁਤਾਬਕ ਬੀਮਾਰੀ ਤੋਂ ਬਚਾਅ ਦੇ ਤਰੀਕੇ ਐਡਵਾਈਜ਼ਰੀ ਮੁਤਾਬਕ ਪਸ਼ੂ ਪਾਲਕ ਬੀਮਾਰੀ ਦੇ ਲੱਛਣ ਪਾਏ ਜਾਣ ਤੇ ਤੁਰੰਤ ਨੇੜਲੇ ਪਸ਼ੂ ਹਸਪਤਾਲ ਦੇ ਵੈਟਰਨਰੀ/ਪੈਰਾ ਵੈਟਰਨਰੀ ਸਟਾਫ਼ ਨੂੰ ਸੂਚਿਤ ਕਰਨ ਅਤੇ ਪੀੜਤ ਪਸ਼ੂਆਂ ਤੇ ਉਨ੍ਹਾਂ ਨਾਲ ਸਬੰਧਤ ਸਾਜ਼ੋ-ਸਾਮਾਨ ਤੇ ਹੋਰ ਸਮੱਗਰੀ ਨੂੰ ਤੁਰੰਤ ਬਾਕੀ ਪਸ਼ੂਆਂ ਨਾਲੋਂ ਵੱਖ ਕਰ ਦੇਣ। ਪ੍ਰਭਾਵਤ ਜਾਂ ਸ਼ੱਕੀ ਪਸ਼ੂਆਂ ਦੀ ਆਵਾਜਾਈ ਪੂਰਨ ਰੂਪ ਵਿੱਚ ਬੰਦ ਕੀਤੀ ਜਾਵੇ ਅਤੇ ਪ੍ਰਭਾਵਤ ਜਾਨਵਰ ਕਿਸੇ ਵੀ ਹਾਲਤ ਵਿੱਚ ਕਿਸੇ ਹੋਰ ਫਾਰਮ, ਪਿੰਡ ਜਾਂ ਹਲਕੇ ਵਿੱਚ ਨਾ ਭੇਜਿਆ ਜਾਵੇ। ਬੀਮਾਰੀ ਨਾਲ ਪ੍ਰਭਾਵਤ ਖੇਤਰ ਵਿੱਚ ਪਸ਼ੂਆਂ ਦੀ ਆਵਾਜਾਈ, ਖ਼ਰੀਦੋ-ਫ਼ਰੋਖ਼ਤ ਮੁਕੰਮਲ ਤੌਰ ਤੇ ਬੰਦ ਕੀਤੀ ਜਾਵੇ। ਮੱਖੀ/ਮੱਛਰ/ਚਿੱਚੜਾਂ ਦੀ ਰੋਕਥਾਮ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ। ਡੇਅਰੀ ਫ਼ਾਰਮ/ਪਸ਼ੂਆਂ ਦੇ ਵਾੜੇ ਨੂੰ ਵਿਸ਼ਾਣੂ ਰਹਿਤ ਕਰਨ ਲਈ ਵਿਭਾਗ ਦੇ ਸਟਾਫ਼ ਨਾਲ ਸਲਾਹ-ਮਸ਼ਵਰਾ ਕਰਕੇ ਫ਼ਾਰਮਲੀਨ 1% ਜਾਂ ਸੋਡੀਅਮ ਹਾਈਪੋਕਲੋਰਾਈਟ 2-3% ਆਦਿ ਦੀ ਵਰਤੋਂ ਕੀਤੀ ਜਾਵੇ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇ ਸਾਨ੍ਹਾਂ ਵਿੱਚ ਇਹ ਬੀਮਾਰੀ ਆਉਂਦੀ ਹੈ ਤਾਂ ਉਨ੍ਹਾਂ ਤੋਂ ਵੀਰਜ ਪ੍ਰਾਪਤ ਨਾ ਕੀਤਾ ਜਾਵੇੇ। ਬਚਾਅ ਲਈ ਤੰਦਰੁਸਤ ਗਾਵਾਂ ਨੂੰ ਲਗਾਈ ਜਾਵੇ ਗੋਟ-ਪੌਕਸ ਵੈਕਸੀਨ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਤੰਦਰੁਸਤ ਗਾਵਾਂ ਨੂੰ ਗੋਟ-ਪੌਕਸ ਵੈਕਸੀਨ ਲਵਾਉਣਾ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਇਸ ਬੀਮਾਰੀ ਤੋਂ ਅਗਾਊਂ ਬਚਾਇਆ ਜਾ ਸਕੇ। ਵਿਭਾਗ ਦੇ ਸਟਾਫ਼ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਵੈਕਸੀਨ ਲਗਾਉਣ ਵੇਲੇ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਵੈਕਸੀਨ ਲਗਾਈ ਜਾਵੇ।
Animal-Husbandry-Department-Issues-Advisory
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)