200 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਆਂਗਣਵਾੜੀ ਸੈਂਟਰ ਬਣਾਏ ਜਾਣਗੇ ਅਤੇ ਪੁਰਾਣੇ ਸੈਂਟਰਾਂ ਦੇ ਢਾਂਚੇ ਨੂੰ ਬਣਾਇਆ ਜਾਵੇਗਾ ਬਿਹਤਰ
ਜਲਦ ਹੀ 3000 ਆਂਗਣਵਾੜੀ ਵਰਕਰ ਅਤੇ ਹੈਲਪਰ ਕੀਤੇ ਜਾਣਗੇ ਭਰਤੀ
ਪੰਜਾਬ ਸਰਕਾਰ ਵੱਲੋਂ ਬੱਚਿਆਂ ਅਤੇ ਮਹਿਲਾਵਾਂ ਦੇ ਸਰਵ-ਪੱਖੀ ਵਿਕਾਸ ਲਈ 1419 ਆਂਗਣਵਾੜੀ ਸੈਂਟਰ ਉਸਾਰੇ ਜਾਣਗੇ। 200 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਆਂਗਣਵਾੜੀ ਸੈਂਟਰ ਬਣਾਏ ਜਾਣਗੇ ਅਤੇ ਪੁਰਾਣੇ ਆਂਗਣਵਾੜੀ ਸੈਂਟਰਾਂ ਦੇ ਢਾਂਚੇ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।
ਅੱਜ ਇਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬੇ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਨਵੇਂ ਆਂਗਣਵਾੜੀ ਸੈਂਟਰਾਂ ਦਾ ਨਿਰਮਾਣ, ਮੌਜੂਦਾ ਆਂਗਣਵਾੜੀ ਸੈਂਟਰਾਂ ਨੂੰ ਅਪਗ੍ਰੇਡ ਕਰਨਾ, ਸੈਂਨੀਟੇਸ਼ਨ ਸੁਵਿਧਾਵਾਂ ਦੇ ਪ੍ਰਬੰਧ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਫਰਨੀਚਰ ਆਦਿ ਦੀ ਵਿਵਸਥਾ ਕਰਨਾ ਹੈ। ਉਹਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਆਂਗਣਵਾੜੀ ਸੈਂਟਰਾਂ ਵਿੱਚ ਬਾਲਾ ਪ੍ਰਿਟਿੰਗ ਵੀ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਆਂਗਣਵਾੜੀ ਸੈਂਟਰਾਂ ਦੀ ਉਸਾਰੀ ਕਰਨਾ ਨਹੀਂ ਹੈ, ਇਹ ਪ੍ਰੋਜੈਕਟ ਬੱਚਿਆਂ ਦੇ ਸਰੀਰਕ, ਬੋਧਾਤਮਕ ਅਤੇ ਭਾਵਨਾਤਮਕ ਵਿਕਾਸ ਲਈ ਅਨੁਕੂਲ ਵਾਤਾਵਰਣ ਬਣਾਉਣ ਦੀ ਪਹਿਲਕਦਮੀ ਕਰਨਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੇ ਪੜਾਅ ਵਿੱਚ 1000 ਆਂਗਣਵਾੜੀ ਕੇਂਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 56 ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਅਤੇ 644 ਉਸਾਰੀ ਅਧੀਨ ਹਨ। ਇਸ ਤੋਂ ਇਲਾਵਾ, ਬਾਕੀ 300 ਆਂਗਣਵਾੜੀ ਸੈਂਟਰਾਂ ਵਿੱਚੋਂ 156 ਆਂਗਣਵਾੜੀ ਸੈਂਟਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਨਾਂ ਦਾ ਜਲਦੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਨਵੇਂ ਕੇਂਦਰਾਂ ਦੀ ਉਸਾਰੀ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਸੂਬੇ ਭਰ ਵਿੱਚ ਮੌਜੂਦਾ 350 ਆਂਗਣਵਾੜੀ ਕੇਂਦਰਾਂ ਨੂੰ ਅਪਗ੍ਰੇਡ ਕਰ ਰਹੀ ਹੈ। ਇਹਨਾਂ ਲਈ ਸਰਕਾਰ ਵੱਲੋਂ 7 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਅੱਪਗਰੇਡ ਕੀਤੇ ਗਏ ਕੇਂਦਰਾਂ ਵਿੱਚ ਲਾਭਪਾਤਰੀਆਂ ਲਈ ਬਿਹਤਰ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਬਿਹਤਰ ਸੁਵਿਧਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਦਾ ਟੀਚਾ ਜਲਦ ਹੀ ਸਾਰੇ ਅਪਗ੍ਰੇਡ ਆਂਗਣਵਾੜੀ ਸੈਟਰਾਂ ਨੂੰ ਪੂਰਾ ਕਰਨ ਦਾ ਹੈ, ਜੋ ਕਿ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਦਰਸਾਉਂਦਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ 2162 ਨਵੇਂ ਟਾਇਲਟਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਲਈ ਸਰਕਾਰ ਵੱਲੋ 7.78 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸੇ ਤਰ੍ਹਾਂ ਹੀ 353 ਆਂਗਣਵਾੜੀ ਸੈਂਟਰਾਂ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 35.30 ਲੱਖ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ।
ਮੰਤਰੀ ਨੇ ਕਿਹਾ ਕਿ ਮੋਗਾ ਅਤੇ ਫਿਰੋਜ਼ਪੁਰ ਵਿੱਚ 100 ਆਂਗਣਵਾੜੀ ਸੈਂਟਰਾਂ ਨੂੰ "ਸਕਸ਼ਮ ਆਂਗਨਵਾੜੀ ਸੈਂਟਰਾਂ" ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਲਈ ਕੁੱਲ 94.80 ਲੱਖ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਇਸ ਅਧੀਨ ਬੁਨਿਆਦੀ ਢਾਂਚਾ ਅਪਗ੍ਰੇਡ ਕਰਨਾ, ਆਰ.ਓ ਯੂਨਿਟ, ਐਲ.ਈ.ਡੀ, ਫਰਨੀਚਰ ਅਤੇ ਪੋਸ਼ਨ ਵਾਟਿਕਾ ਵੀ ਲਗਾਈ ਜਾਵੇਗੀ।
ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਆਈ.ਸੀ.ਡੀ.ਐਸ ਪ੍ਰੋਗਰਾਮ 1975 ਵਿੱਚ ਪੰਜਾਬ ਵਿੱਚ ਬਲਾਕ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਤੋਂ ਸ਼ੁਰੂ ਹੋਇਆ ਸੀ, ਇਸ ਸਕੀਮ ਨੂੰ 50 ਸਾਲ ਮੁਕੰਮਲ ਹੋਣ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸੂਬੇ ਦੇ 21,851 ਆਂਗਣਵਾੜੀ ਸੈਂਟਰਾਂ ਲਈ 21.85 ਕਰੋੜ ਰੁਪਏ ਫਰਨੀਚਰ ਲਈ ਜਾਰੀ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਾਲੂ ਸਾਲ ਦੌਰਾਨ ਆਂਗਣਵਾੜੀ ਸੈਂਟਰਾਂ ਦੇ ਬੁਨਿਆਂਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ।
ਇਕ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਜਲਦ ਹੀ 3000 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਭਰਤੀ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਪਿਛਲੇ ਸਾਲ ਵੀ ਨਿਰੋਲ ਮੈਰਿਟ ਤੇ 5000 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਕੀਤੀ ਗਈ ਸੀ।
ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਮਨਦੀਪ ਕੌਰ ਅਤੇ ਗੁਲਬਹਾਰ ਸਿੰਘ ਤੂਰ ਵੀ ਮੌਜੂਦ ਸਨ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)