• ਪਿੰਡਾਂ ਤੇ ਵਾਰਡਾਂ ਤੱਕ ਪਹੁੰਚ ਕਰਕੇ ਹਰ ਯੋਗ ਖਿਡਾਰੀ ਨੂੰ ਰਜਿਸਟ੍ਰੇਸ਼ਨ ਲਈ ਕੀਤਾ ਜਾਵੇ ਪ੍ਰੇਰਿਤ: ਵਿਰਾਜ ਐਸ. ਤਿੜਕੇ
• ਖਿਡਾਰੀ ਰਜਿਸਟ੍ਰੇਸ਼ਨ ਕਰਵਾ ਕੇ ਖੇਡ ਮੈਦਾਨ ’ਚ ਆਪਣੀ ਪ੍ਰਤਿਭਾ ਨੂੰ ਦੇਣ ਨਵੀਂ ਪਛਾਣ; ਮਾਪੇ ਤੇ ਖੇਡ ਸੰਸਥਾਵਾਂ ਵੀ ਬਣਨ ਪ੍ਰੇਰਕ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ‘ਖੇਡਾਂ ਵਤਨ ਪੰਜਾਬ ਦੀਆਂ-2026 (ਸੀਜ਼ਨ-4)’ ਤਹਿਤ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਖੇਡਾਂ ਸਬੰਧੀ ਚੱਲ ਰਹੀ ਰਜਿਸਟ੍ਰੇਸ਼ਨ ਤੇ ਮੋਬਿਲਾਈਜ਼ੇਸ਼ਨ ਮੁਹਿੰਮ ਦੀ ਸਮੀਖਿਆ ਲਈ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਖੇਡਾਂ ਸਬੰਧੀ ਜਾਣਕਾਰੀ ਪਿੰਡ ਅਤੇ ਵਾਰਡ ਪੱਧਰ ਤੱਕ ਪਹੁੰਚਾ ਕੇ ਹਰ ਯੋਗ ਖਿਡਾਰੀ ਨੂੰ ਖੇਡ ਮੈਦਾਨ ਨਾਲ ਜੋੜਨ ਲਈ ਸਰਗਰਮੀ ਨਾਲ ਕੰਮ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਕਾਬਲੇ ਅੰਡਰ-14 ਤੋਂ 70 ਸਾਲ ਤੋਂ ਵੱਧ ਉਮਰ ਤੱਕ 9 ਉਮਰ ਵਰਗਾਂ ਵਿੱਚ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ 38 ਖੇਡਾਂ ਅਤੇ 4 ਪੈਰਾ-ਸਪੋਰਟਸ ਸ਼ਾਮਲ ਹਨ, ਜਦਕਿ ਟੈਨਿਸ ਬਾਲ ਕ੍ਰਿਕਟ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਗਿਆ ਹੈ। ਹਰ ਪਿੰਡ ਤੋਂ ਇੱਕ ਟੈਨਿਸ ਬਾਲ ਕ੍ਰਿਕਟ ਟੀਮ ਵੀ ਭਾਗ ਲੈ ਸਕਦੀ ਹੈ।
ਸ੍ਰੀ ਤਿੜਕੇ ਨੇ ਕਿਹਾ ਕਿ ਪੰਚਾਇਤਾਂ, ਯੂਥ ਕਲੱਬਾਂ, ਸਪੋਰਟਸ ਕਲੱਬਾਂ ਅਤੇ ਖੇਡ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਪ੍ਰਤਿਭਾਸ਼ਾਲੀ ਖਿਡਾਰੀਆਂ ਤੱਕ ਪਹੁੰਚ ਕੀਤੀ ਜਾਵੇ, ਜੋ ਅਜੇ ਤੱਕ ਰਜਿਸਟਰ ਨਹੀਂ ਹੋਏ। ਰਜਿਸਟ੍ਰੇਸ਼ਨ ਦੀ ਪ੍ਰਗਤੀ ਦੀ ਨਿਰੰਤਰ ਸਮੀਖਿਆ ਕਰਦਿਆਂ ਜਿਨ੍ਹਾਂ ਪਿੰਡਾਂ, ਸਕੂਲਾਂ ਜਾਂ ਸੰਸਥਾਵਾਂ ਤੋਂ ਭਾਗੀਦਾਰੀ ਘੱਟ ਹੈ, ਉੱਥੇ ਵਿਸ਼ੇਸ਼ ਤੌਰ ’ਤੇ ਸੰਪਰਕ ਵਧਾਇਆ ਜਾਵੇ।
ਉਨ੍ਹਾਂ ਮਹਿਲਾਵਾਂ, ਵੈਟਰਨ ਖਿਡਾਰੀਆਂ, ਪੈਰਾ-ਐਥਲੀਟਾਂ, ਛੋਟੇ ਪਿੰਡਾਂ ਦੇ ਖਿਡਾਰੀਆਂ ਅਤੇ ਪਹਿਲੀ ਵਾਰ ਹਿੱਸਾ ਲੈਣ ਵਾਲਿਆਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕਰਨ ਦੀ ਹਦਾਇਤ ਕੀਤੀ। ਕਿਸੇ ਖੇਡ ਅਕੈਡਮੀ ਜਾਂ ਐਸੋਸੀਏਸ਼ਨ ਨਾਲ ਨਾ ਜੁੜੇ ਖਿਡਾਰੀਆਂ ਨੂੰ ਵੀ ਆਪਣੀ ਪ੍ਰਤਿਭਾ ਵਿਖਾਉਣ ਲਈ ਉਤਸ਼ਾਹਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਪੱਧਰ ’ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ 10 ਹਜ਼ਾਰ, 7 ਹਜ਼ਾਰ ਅਤੇ 5 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਖਿਡਾਰੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਹੀ ਖੇਡ ਸਥਾਨ ’ਤੇ ਆਫਲਾਈਨ ਆਨ-ਸਾਈਟ ਰਜਿਸਟ੍ਰੇਸ਼ਨ ਦੀ ਸਹੂਲਤ ਬਾਰੇ ਵੀ ਵਿਆਪਕ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਕੋਈ ਵੀ ਯੋਗ ਖਿਡਾਰੀ ਸਿਰਫ਼ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਵਾਂਝਾ ਨਾ ਰਹੇ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਹਰ ਉਮਰ ਵਰਗ ਦੇ ਖੇਡ ਪ੍ਰੇਮੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਉਹ ਘਰਾਂ ਤੋਂ ਨਿਕਲ ਕੇ ਖੇਡ ਮੈਦਾਨਾਂ ਦਾ ਹਿੱਸਾ ਬਣਨ ਅਤੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਲਈ ਆਪਣੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਪੰਚਾਇਤਾਂ, ਯੂਥ ਕਲੱਬਾਂ ਤੇ ਖੇਡ ਸੰਸਥਾਵਾਂ ਨੂੰ ਆਪਣੇ ਇਲਾਕੇ ਦੀ ਛੁਪੀ ਖੇਡ ਪ੍ਰਤਿਭਾ ਦੀ ਪਛਾਣ ਕਰਕੇ ਉਸ ਨੂੰ ਮੈਦਾਨ ਤੱਕ ਲਿਆਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ “ਹਰ ਪਿੰਡ ਅਤੇ ਹਰ ਵਾਰਡ ਵਿੱਚ ਖੇਡ ਹੁਨਰ ਮੌਜੂਦ ਹੈ; ਲੋੜ ਉਸ ਹੁਨਰ ਨੂੰ ਮੌਕਾ ਅਤੇ ਮੰਚ ਦੇਣ ਦੀ ਹੈ। ਆਓ, ਵੱਧ ਤੋਂ ਵੱਧ ਭਾਗੀਦਾਰੀ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਲੋਕਾਂ ਦਾ ਸਾਂਝਾ ਖੇਡ ਉਤਸਵ ਬਣਾਈਏ।”