ਪੰਜਾਬ ਦੇ ਮੁੰਡੇ ਅਤੇ ਹਰਿਆਣਾ ਦੀਆਂ ਕੁੜੀਆਂ ਆਪੋ-ਆਪਣੇ ਵਰਗਾਂ ਵਿੱਚ ਬਣੀਆਂ ਚੈਂਪੀਅਨ ਚੰਡੀਗੜ੍ਹ, 8 ਨਵੰਬਰ, 2025 - ਵਧੀਆ ਹੁਨਰ, ਸਟੀਕ ਵਾਰਾਂ ਅਤੇ ਬਿਹਤਰ ਜੰਗਜੂ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਨੇ ਇੱਕ ਵਾਰ ਫਿਰ ਕਰਨਾਟਕ ਦੀ ਬੰਗਲੁਰੂ ਸਿਟੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਆਯੋਜਿਤ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ-2025 ਵਿੱਚ ਸਮੁੱਚੀ ਗੱਤਕਾ ਚੈਂਪੀਅਨਸ਼ਿਪ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ। ਹਰਿਆਣਾ ਦੂਜੇ ਸਥਾਨ 'ਤੇ ਰਿਹਾ। ਗੱਤਕਾ ਮੁਕਾਬਲਿਆਂ ਨੇ ਇਸ ਸਮਾਗਮ ਨੂੰ ਭਾਰਤ ਦੀ ਰਵਾਇਤੀ ਮਾਰਸ਼ਲ ਕਲਾ ਦਾ ਇੱਕ ਮਨਮੋਹਕ ਪ੍ਰਦਰਸ਼ਨ ਪੇਸ਼ ਕੀਤਾ ਜੋ ਕਿ ਪਾਈਥੀਅਨ ਖੇਡਾਂ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਸੀ। ਦੋ ਦਿਨਾਂ ਤੋਂ ਵੱਧ ਚੱਲੇ ਤਿੱਖੇ ਅਤੇ ਰੋਮਾਂਚਕ ਮੁਕਾਬਲਿਆਂ ਵਿੱਚ ਪੰਜਾਬ ਦੇ ਮੁੰਡੇ ਅਤੇ ਹਰਿਆਣਾ ਦੀਆਂ ਕੁੜੀਆਂ ਨੇ ਬਿਹਤਰੀਨ ਖੇਡ ਕਲਾ ਅਤੇ ਮਾਰਸ਼ਲ ਤਕਨੀਕਾਂ ਦਾ ਪ੍ਰਦਰਸ਼ਨ ਕਰਕੇ ਆਪੋ-ਆਪਣੇ ਵਰਗਾਂ ਵਿੱਚ ਚੋਟੀ ਦੇ ਖਿਤਾਬ ਜਿੱਤੇ। ਹਰਿਆਣਾ ਦੇ ਮੁੰਡੇ ਅਤੇ ਪੰਜਾਬ ਦੀਆਂ ਕੁੜੀਆਂ ਦੂਜੇ ਸਥਾਨ 'ਤੇ ਰਹੀਆਂ ਜਦੋਂ ਕਿ ਉਤਰਾਖੰਡ ਅਤੇ ਛੱਤੀਸਗੜ੍ਹ ਨੇ ਮੁੰਡਿਆਂ ਵਿੱਚ ਤੀਜਾ ਸਥਾਨ ਸਾਂਝਾ ਕੀਤਾ ਅਤੇ ਚੰਡੀਗੜ੍ਹ ਅਤੇ ਆਂਧਰਾ ਪ੍ਰਦੇਸ਼ ਨੇ ਸਾਂਝੇ ਤੌਰ 'ਤੇ ਕੁੜੀਆਂ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਗੱਤਕਾ ਮੁਕਾਬਲੇ ਦਾ ਉਦਘਾਟਨ ਮਾਡਰਨ ਪਾਈਥੀਅਨ ਕਲਚਰਲ ਗੇਮਜ਼ ਦੇ ਸੰਸਥਾਪਕ ਅਤੇ ਪਾਈਥੀਅਨ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਬਿਜੇਂਦਰ ਗੋਇਲ ਨੇ ਬਹੁਤ ਉਤਸ਼ਾਹ ਅਤੇ ਜੀਵੰਤ ਰਵਾਇਤੀ ਪ੍ਰਦਰਸ਼ਨਾਂ ਵਿਚਕਾਰ ਕੀਤਾ। ਬਾਅਦ ਵਿੱਚ ਸੈਮੀਫਾਈਨਲ ਮੁਕਾਬਲਿਆਂ ਦਾ ਉਦਘਾਟਨ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬੀ.ਐਚ. ਅਨਿਲ ਕੁਮਾਰ, ਆਈ.ਏ.ਐਸ. ਵੱਲੋਂ ਕੀਤਾ ਗਿਆ। ਸਮਾਪਤੀ ਦਿਨ ਦੇ ਅੰਤਿਮ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕੀਤਾ ਜਿਨ੍ਹਾਂ ਨੇ ਗੱਤਕਾਬਾਜ਼ਾਂ ਦੀ ਮਿਸਾਲੀ ਖੇਡ ਭਾਵਨਾ ਅਤੇ ਅਨੁਸ਼ਾਸਨ ਪ੍ਰਦਰਸ਼ਿਤ ਕਰਨ ਲਈ ਪ੍ਰਸ਼ੰਸਾ ਕੀਤੀ। ਇਸ ਸਮਾਗਮ ਵਿੱਚ ਸੁਖਚੈਨ ਸਿੰਘ ਕਲਸਾਣੀ, ਜਸਪ੍ਰੀਤ ਸਿੰਘ ਸੈਣੀ, ਆਰਥੀ ਦੀਵਾਨ, ਸ੍ਰੀਜੀਤ ਸੁਰੇਂਦਰ ਅਤੇ ਕੋਚ ਵੇਣੂਗੋਪਾਲ ਵੇਲੋਲੀ (ਬੈਂਗਲੁਰੂ) ਸਮੇਤ ਸੀਨੀਅਰ ਗੱਤਕਾ ਕੋਚ ਜਗਦੀਸ਼ ਸਿੰਘ ਤੇ ਰੈਫ਼ਰੀਆਂ ਵਿੱਚ ਹਰਨਾਮ ਸਿੰਘ, ਹਰਸਿਮਰਨ ਸਿੰਘ, ਅੰਮ੍ਰਿਤਪਾਲ ਸਿੰਘ, ਜਸ਼ਨਪ੍ਰੀਤ ਸਿੰਘ, ਸ਼ੈਰੀ ਸਿੰਘ, ਨਰਿੰਦਰਪਾਲ ਸਿੰਘ, ਅਮਨ ਸਿੰਘ ਛੱਤੀਸਗੜ ਆਦਿ ਹਾਜ਼ਰ ਸਨ। ਕੁੜੀਆਂ ਦੇ ਨਤੀਜੇ ਇਸ ਪ੍ਰਕਾਰ ਰਹੇ : ਗੱਤਕਾ-ਸੋਟੀ ਟੀਮ ਮੁਕਾਬਲੇ ਵਿੱਚ ਹਰਿਆਣਾ ਦੀ ਅਸ਼ਮੀਤ ਕੌਰ, ਜਸਕੀਰਤ ਕੌਰ ਅਤੇ ਅਰਜਮੀਤ ਕੌਰ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਪੰਜਾਬ ਦੀ ਦਮਨਪ੍ਰੀਤ ਕੌਰ, ਰਮਨਪ੍ਰੀਤ ਕੌਰ ਅਤੇ ਪਵਨੀਤ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਗੁਰਮਨਪ੍ਰੀਤ ਕੌਰ, ਨਵਦੀਪ ਕੌਰ ਅਤੇ ਰਵਨੀਤ ਕੌਰ ਦੀ ਚੰਡੀਗੜ੍ਹ ਟੀਮ ਅਤੇ ਆਂਧਰਾ ਪ੍ਰਦੇਸ਼ ਦੀ ਬਡਪੱਲੀ ਡੀਕ ਸ਼ਿਠਾ, ਕਡਿਆਲਾ ਬਾਲਾ ਚੰਦਨਾ ਪ੍ਰਿਆ ਅਤੇ ਜੀ. ਡੀਫੀ ਨੇ ਕਾਂਸੀ ਦੇ ਤਗਮੇ ਸਾਂਝੇ ਤੌਰ ਤੇ ਜਿੱਤੇ। ਗੱਤਕਾ-ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਪਵਨੀਤ ਕੌਰ (ਪੰਜਾਬ) ਨੇ ਸੋਨ ਤਮਗਾ, ਹਰਮਨਪ੍ਰੀਤ ਕੌਰ (ਚੰਡੀਗੜ੍ਹ) ਨੇ ਚਾਂਦੀ ਜਦੋਂ ਕਿ ਬਡੇਪੱਲੀ ਡੀਕ ਸ਼ਿਥਾ (ਆਂਧਰਾ ਪ੍ਰਦੇਸ਼) ਅਤੇ ਕਸ਼ਮੀਰ ਕੌਰ (ਹਰਿਆਣਾ) ਨੇ ਸਾਂਝੇ ਤੌਰ 'ਤੇ ਕਾਂਸੀ ਦਾ ਤਗਮਾ ਜਿੱਤਿਆ। ਫੱਰੀ-ਸੋਟੀ ਟੀਮ ਮੁਕਾਬਲਿਆਂ ਵਿੱਚ ਹਰਿਆਣਾ ਦੀ ਏਕਮਜੋਤ ਕੌਰ, ਅਰਜਮੀਤ ਕੌਰ ਅਤੇ ਹਰਸਿਮਰਪ੍ਰੀਤ ਕੌਰ ਨੇ ਸੋਨੇ ਦਾ ਤਗਮਾ ਜਿੱਤਿਆ। ਚੰਡੀਗੜ੍ਹ ਦੀ ਜੀਨਲ, ਹਰਮਨਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਜਦੋਂ ਕਿ ਪੰਜਾਬ ਦੀ ਮਹਿਕਦੀਪ ਕੌਰ, ਰਮਨਦੀਪ ਕੌਰ ਅਤੇ ਪ੍ਰਭਲੀਨ ਕੌਰ ਅਤੇ ਛੱਤੀਸਗੜ੍ਹ ਦੀ ਨਿਧੀ, ਵਿਧੀ ਅਤੇ ਡਿੰਪਲ ਨੇ ਸਾਂਝੇ ਤੌਰ 'ਤੇ ਕਾਂਸੀ ਦਾ ਤਗਮਾ ਜਿੱਤਿਆ। ਫੱਰੀ-ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਗੁਰਸਿਮਰਨ ਕੌਰ (ਪੰਜਾਬ) ਨੇ ਸੋਨੇ ਦਾ ਤਗਮਾ ਜਿੱਤਿਆ, ਅਰਜਮੀਤ ਕੌਰ (ਹਰਿਆਣਾ) ਨੇ ਚਾਂਦੀ ਦਾ ਤਗਮਾ ਜਦੋਂ ਕਿ ਐਮ. ਧਾਤਰੀ ਮੋਘਾਦਰਾਮਾ (ਆਂਧਰਾ ਪ੍ਰਦੇਸ਼) ਅਤੇ ਜਸ਼ਨਪ੍ਰੀਤ ਕੌਰ (ਚੰਡੀਗੜ੍ਹ) ਨੇ ਸਾਂਝੇ ਤੌਰ ਤੇ ਕਾਂਸੀ ਦਾ ਤਗਮਾ ਜਿੱਤਿਆ। ਮੁੰਡਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ : ਗੱਤਕਾ-ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਜਸਕੀਰਤ ਸਿੰਘ (ਹਰਿਆਣਾ) ਨੇ ਸੋਨ ਤਗਮਾ ਜਿੱਤਿਆ, ਅਰਸ਼ਦੀਪ ਸਿੰਘ (ਪੰਜਾਬ) ਨੇ ਚਾਂਦੀ ਅਤੇ ਪ੍ਰਭਾਸੀਸ ਸਿੰਘ (ਪੰਜਾਬ) ਤੇ ਜਗਜੋਤ ਸਿੰਘ (ਉੱਤਰਾਖੰਡ) ਨੇ ਸਾਂਝੇ ਤੌਰ 'ਤੇ ਕਾਂਸੀ ਦਾ ਤਗਮਾ ਜਿੱਤਿਆ। ਗੱਤਕਾ-ਸੋਟੀ ਟੀਮ ਮੁਕਾਬਲਿਆਂ ਵਿੱਚੋਂ ਉਤਰਾਖੰਡ ਦੇ ਰਾਜਵਿੰਦਰ ਸਿੰਘ, ਜਗਜੋਤ ਸਿੰਘ ਅਤੇ ਅਭਿਜੋਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ, ਪੰਜਾਬ ਦੇ ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪ੍ਰਭਅਸੀਸ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਹਰਿਆਣਾ ਦੇ ਰਾਜਬੀਰ ਸਿੰਘ, ਸਿਮਰਨਪ੍ਰੀਤ ਸਿੰਘ ਅਤੇ ਅਰਮਾਨਦੀਪ ਸਿੰਘ ਅਤੇ ਛੱਤੀਸਗੜ੍ਹ ਦੇ ਗੁਰਪ੍ਰੀਤ ਸਿੰਘ, ਗੁਰਜੋਤ ਸਿੰਘ ਅਤੇ ਸਮਰਥ ਸਿੰਘ ਨੇ ਸਾਂਝੇ ਤੌਰ ਤੇ ਕਾਂਸੀ ਦੇ ਤਗਮੇ ਜਿੱਤੇ। ਫੱਰੀ-ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚੋਂ ਵਾਰਸਪ੍ਰੀਤ ਸਿੰਘ (ਹਰਿਆਣਾ) ਨੇ ਸੋਨ ਤਗਮਾ ਜਿੱਤਿਆ, ਜਸਕਰਨ ਸਿੰਘ (ਪੰਜਾਬ) ਨੇ ਚਾਂਦੀ ਦਾ ਤਗਮਾ ਜਦੋਂ ਕਿ ਹਰਦੀਪ ਸਿੰਘ (ਤੇਲੰਗਾਨਾ) ਅਤੇ ਅਭਿਜੋਤ ਸਿੰਘ (ਉੱਤਰਾਖੰਡ) ਨੇ ਸਾਂਝੇ ਤੌਰ ਤੇ ਕਾਂਸੀ ਦੇ ਤਗਮੇ ਜਿੱਤੇ। ਫੱਰੀ-ਸੋਟੀ ਟੀਮ ਮੁਕਾਬਲਿਆਂ ਵਿੱਚੋਂ ਪੰਜਾਬ ਦੇ ਗੁਰਸ਼ਰਨ ਸਿੰਘ, ਅਮਨਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਨੇ ਸੋਨੇ ਦੇ ਤਗਮੇ, ਹਰਿਆਣਾ ਦੇ ਅਜੈਪਾਲ ਸਿੰਘ, ਸਹਿਜਪਾਲ ਸਿੰਘ ਅਤੇ ਸਮਰਜੀਤ ਸਿੰਘ ਨੇ ਚਾਂਦੀ ਦਾ ਤਗਮਾ ਜਦੋਂ ਕਿ ਚੰਡੀਗੜ੍ਹ ਦੇ ਸਤਵੰਤ ਸਿੰਘ, ਮਨਪ੍ਰੀਤ ਸਿੰਘ ਅਤੇ ਬਹਾਦਰ ਸਿੰਘ ਅਤੇ ਹਰਿਆਣਾ ਦੇ ਅਨਮੋਲਦੀਪ ਸਿੰਘ, ਜਸਕੀਰਤ ਸਿੰਘ ਅਤੇ ਵਾਰਿਸਪ੍ਰੀਤ ਸਿੰਘ ਨੇ ਸਾਂਝੇ ਤੌਰ 'ਤੇ ਕਾਂਸੀ ਦਾ ਤਗਮਾ ਜਿੱਤਿਆ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)