ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਕਾਂਡ ਦਾ ਮੁੱਖ ਮੁਲਜਮ ਪੁਲੀਸ ਮੁਕਾਬਲੇ ਦੌਰਾਨ ਢੇਰ
Jan17,2026
| Gurvinder Singh Mohali | Sas Nagar
ਮੋਹਾਲੀ ਪੁਲੀਸ ਨੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੀ ਹੱਤਿਆ ਵਿੱਚ ਸ਼ਾਮਲ ਮੁੱਖ ਮੁਲਜ਼ਮ ਕਰਨ ਡਿਫਾਲਟਰ ਨੂੰ ਇੱਕ ਮੁਕਾਬਲੇ ਦੌਰਾਨ ਢੇਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਅੱਜ ਸਵੇਰੇ ਏਅਰਪੋਰਟ ਰੋਡ ਤੇ ਹੋਇਆ।
ਮੋਹਾਲੀ ਦੇ ਐਸ. ਐਸ. ਪੀ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਰਾਣਾ ਬਲਚੌਰੀਆਂ ਕਤਲ ਕਾਂਡ ਦੇ ਮੁੱਖ ਮੁਲਜਮ ਕਰਨ ਡਿਫਾਲਟਰ ਨੂੰ ਸੀ. ਆਈ. ਏ ਸਟਾਫ਼ ਦੀ ਹਿਰਾਸਤ ਵਿੱਚ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਉਸ ਵਲੋਂ ਬੀਤੀ ਰਾਤ ਛਾਤੀ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੇ ਜਾਣ ਤੇ ਪੁਲੀਸ ਟੀਮ ਉਸ ਨੂੰ ਹਸਪਤਾਲ ਲੈ ਗਈ ਸੀ। ਉਹਨਾਂ ਦੱਸਿਆ ਕਿ ਇਸ ਦੌਰਾਨ ਰਾਤ ਕਰੀਬ 11:30 ਵਜੇ ਪੁਲੀਸ ਦੀ ਗੱਡੀ ਡਿਵਾਈਡਰ ਨਾਲ ਟਕਰਾ ਗਈ ਅਤੇ ਮੁਲਜ਼ਮ ਮੌਕੇ ਦਾ ਫਾਇਦਾ ਉਠਾ ਕੇ ਅਤੇ ਹੱਥਕੜੀ ਛੁਡਵਾ ਕੇ ਫ਼ਰਾਰ ਹੋ ਗਿਆ। ਉਹਨਾਂ ਦੱਸਿਆ ਕਿ ਪੁਲੀਸ ਵੱਲੋਂ ਰਾਤ ਭਰ ਚਲਾਏ ਗਏ ਸਰਚ ਆਪ੍ਰੇਸ਼ਨ ਤੋਂ ਬਾਅਦ, ਅੱਜ ਸਵੇਰੇ 6-7 ਵਜੇ ਦੇ ਕਰੀਬ ਕਰਨ ਡਿਫਾਲਟਰ ਨੂੰ ਏਅਰਪੋਰਟ ਰੋਡ ਨੇੜੇ ਘੇਰ ਲਿਆ ਗਿਆ।
ਪੁਲੀਸ ਨੇ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਪੁਲੀਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਪਹਿਲਾਂ ਉਸ ਦੇ ਪੈਰ ਵਿੱਚ ਗੋਲੀ ਲੱਗੀ, ਪਰ ਜ਼ਮੀਨ ਤੇ ਡਿੱਗਣ ਦੇ ਬਾਵਜੂਦ ਉਹ ਗੋਲੀਆਂ ਚਲਾਉਂਦਾ ਰਿਹਾ। ਬਾਅਦ ਵਿੱਚ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਰੈਫ਼ਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇੱਥੇ ਜ਼ਿਕਰਯੋਗ ਹੈ ਕਿ ਕਰਨ ਡਿਫਾਲਟਰ ਕਈ ਸੰਗੀਨ ਜੁਰਮਾਂ ਵਿੱਚ ਲੋੜੀਂਦਾ ਸੀ। ਉਸ ਉੱਪਰ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਇਲਾਵਾ ਗੈਂਗਸਟਰ ਜੱਗੂ ਭਗਵਾਨਪੁਰਿਆ ਦੀ ਮਾਂ ਦਾ ਕਤਲ ਕਰਨ ਦੇ ਵੀ ਇਲਜਾਮ ਸਨ। ਪੁਲੀਸ ਨੇ ਕਰਨ ਨੂੰ ਦੋ ਦਿਨ ਪਹਿਲਾਂ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਸੀ।
Powered by Froala Editor
Sas-Nagar-Police-Encounter-Murder-Accused-