ਸ਼ਾਸਤਰੀ ਬੈਡਮਿੰਟਨ ਹਾਲ ਨੂੰ ਬੰਦ ਕਰਨਾ ਖਿਡਾਰੀਆਂ ਦਾ ਭਵਿੱਖ ਖਰਾਬ ਕਰਨ ਸਮਾਨ: ਪਵਨ ਦੀਵਾਨ
Aug27,2025
| Jagrati Lahar Bureau | Ludhiana
ਇਸਦਾ ਅਕਤੂਬਰ ਮਹੀਨੇ ਵਿੱਚ ਹੋਣ ਵਾਲੇ ਸੂਬਾ ਪੱਧਰੀ ਟੂਰਨਾਮੈਂਟ ਦੀਆਂ ਤਿਆਰੀਆਂ ਤੇ ਪਵੇਗਾ ਅਸਰ
ਨਗਰ ਨਿਗਮ ਵੱਲੋਂ ਸ਼ਾਸਤਰੀ ਬੈਡਮਿੰਟਨ ਹਾਲ ਨੂੰ ਬੰਦ ਕੀਤੇ ਜਾਣ ਸਬੰਧੀ ਖਬਰਾਂ ਅਤੇ ਲੋਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਪਾਰਟੀ ਆਗੂਆਂ ਦੇ ਨਾਲ ਅੱਜ ਗੁਰੂ ਨਾਨਕ ਸਟੇਡੀਅਮ ਪਹੁੰਚੇ। ਜਿਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਿਵਾਦ ਲਈ ਖ਼ਿਡਾਰੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹੈ ਅਤੇ ਤੁਰੰਤ ਇਸ ਬੈਡਮਿੰਟਨ ਹਾਲ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੀਵਾਨ ਨੇ ਕਿਹਾ ਕਿ ਉਹਨਾਂ ਨੂੰ ਸ਼ਾਸਤਰੀ ਬੈਡਮਿੰਟਨ ਹਾਲ ਵਿੱਚ ਟ੍ਰੇਨਿੰਗ ਲੈਣ ਵਾਲੇ ਖਿਡਾਰੀਆਂ ਦੇ ਮਾਪਿਆਂ ਦੇ ਲਗਾਤਾਰ ਫੋਨ ਆ ਰਹੇ ਹਨ, ਜਿਹੜੇ ਆਉਂਦੇ ਦਿਨਾਂ ਦੌਰਾਨ ਹੋਣ ਵਾਲੀਆਂ ਪ੍ਰਤਿਯੋਗਤਾਵਾਂ ਤੋਂ ਪਹਿਲਾਂ ਬੈਡਮਿੰਟਨ ਹਾਲ ਬੰਦ ਕੀਤੇ ਜਾਣ ਨਾਲ ਕਾਫੀ ਪਰੇਸ਼ਾਨ ਹਨ। ਇਸ ਤੋਂ ਇਲਾਵਾ, ਮੀਡੀਆ ਵੱਲੋਂ ਵੀ ਗੰਭੀਰਤਾ ਨਾਲ ਮੁੱਦਾ ਚੁੱਕਿਆ ਗਿਆ ਹੈ। ਇਹ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਸਮਾਨ ਹੈ।
ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸ਼ਾਸਤਰੀ ਬੈਡਮਿੰਟਨ ਹਾਲ ਨੂੰ ਤਾਲੇ ਲਗਾਉਣ ਦਾ ਅਸਰ ਸਿੱਧੇ ਤੌਰ ਤੇ ਅਕਤੂਬਰ ਮਹੀਨੇ ਵਿੱਚ ਜਲੰਧਰ ਵਿਖੇ ਹੋਣ ਜਾ ਰਹੇ ਸੂਬਾ ਪੱਧਰੀ ਰੈਕਿੰਗ ਟੂਰਨਾਮੈਂਟ ਦੀਆਂ ਤਿਆਰੀਆਂ ਕਰ ਰਹੇ ਖਿਡਾਰੀਆਂ ਦੇ ਅਭਿਆਸ ਉੱਪਰ ਪਵੇਗਾ। ਇਸ ਤੋਂ ਇਲਾਵਾ, ਪੰਚਕੁਲਾ ਵਿੱਚ ਆਲ ਇੰਡੀਆ ਰੈਂਕਿੰਗ ਟੂਰਨਾਮੈਂਟ ਵੀ ਹੋਣਾ ਹੈ। ਇਸ ਤੋਂ ਬਾਅਦ ਸਬ- ਜੂਨੀਅਰ ਅੰਡਰ-15 ਅਤੇ ਅੰਡਰ-17 ਦੇ ਟੂਰਨਾਮੈਂਟ ਜਲੰਧਰ ਵਿੱਚ ਹੋਣੇ ਹਨ।
ਇਸ ਲੜੀ ਹੇਠ, ਉਕਤ ਘਟਨਾ ਖਿਲਾਫ ਬੀਤੇ ਦਿਨੀਂ ਖ਼ਿਡਾਰੀਆਂ ਦੇ ਮਾਪਿਆਂ ਨੇ ਵੀ ਆਪਣਾ ਰੋਸ ਜਾਹਿਰ ਕੀਤਾ ਸੀ। ਮਾਪਿਆਂ ਦਾ ਕਹਿਣਾ ਸੀ ਕਿ ਇਸ ਅਕੈਡਮੀ ਵਿੱਚ ਅਭਿਆਸ ਕਰ ਰਹੇ ਸ਼ੈਟਲਰਾਂ ਨੇ ਬੀਤੇ ਦਿਨੀਂ ਜਲੰਧਰ ਵਿੱਚ ਹੋਏ ਰੇਂਕਿੰਗ ਟੂਰਨਾਮੈਂਟ ਵਿਚ 4 ਸੋਨੇ, 2 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ ਸਨ। ਇਥੋਂ ਦੇ ਕਈ ਬੱਚੇ ਕੌਮੀ ਪੱਧਰ ਦੇ ਖਿਡਾਰੀ ਵੀ ਸਨ।
ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਲਗਾਏ ਗਏ ਤਾਲਿਆਂ ਨੂੰ ਤੁਰੰਤ ਖੋਲ੍ਹਣਾ ਚਾਹੀਦਾ ਹੈ, ਜਿਹੜੀਆਂ ਖੇਡਾਂ ਸੂਬਾ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦਾ ਅਹਿਮ ਹਿੱਸਾ ਹਨ। ਇਸੇ ਤਰ੍ਹਾਂ, ਜੇਕਰ ਕੋਈ ਵਿਵਾਦ ਹੈ, ਤਾਂ ਉਸ ਕਰਨ ਖਿਡਾਰੀਆਂ ਦਾ ਨੁਕਸਾਨ ਕਿਉਂ ਕੀਤਾ ਜਾ ਰਿਹਾ ਹੈ।
ਜਿੱਥੇ ਹੋਰਨਾਂ ਤੋਂ ਇਲਾਵਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਸੁਸ਼ੀਲ ਮਲਹੋਤਰਾ, ਰੋਹਿਤ ਪਾਹਵਾ, ਹੈਪੀ ਕਪੂਰ, ਆਜ਼ਾਦ ਸ਼ਰਮਾ ਵੀ ਮੌਜੂਦ ਰਹੇ।
Powered by Froala Editor
Locking-Shastri-Badminton-Hall-Is-Nothing-But-Spoiling-Future-Of-Players-Pawan-Dewan