ਚੰਡੀਗੜ੍ਹ ਪ੍ਰਦਰਸ਼ਨ ਮਾਮਲੇ ਵਿੱਚ ਵਿਧਾਇਕ ਮਨਪ੍ਰੀਤ ਇਆਲੀ ਸਣੇ 15 ਆਗੂ ਨਾਮਜ਼ਦ, ਬੈਰੀਕੇਡ ਤੋੜਨ ਅਤੇ ਪੁਲੀਸ ਤੇ ਹਮਲੇ ਦਾ ਦੋਸ਼
Jul30,2026
| Gurvinder Singh | Mohali
ਚੰਡੀਗੜ੍ਹ, 30 ਜੁਲਾਈ (ਗੁਰਵਿੰਦਰ ਸਿੰਘ.) ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਵਲੋਂ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਚੰਡੀਗੜ੍ਹ ਵਿੱਚ ਕੀਤੇ ਗਏ ਰੋਸ ਮਾਰਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੰਲ ਕੂਚ ਕਨ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ 'ਵਾਰਿਸ ਪੰਜਾਬ ਦੇ' ਜੱਥੇਬੰਦੀ ਨਾਲ ਸੰਬੰਧਿਤ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ 15 ਆਗੂਆਂ ਨੂੰ ਨਾਮਜ਼ਦ ਕਰਦਿਆਂ ਐਫ ਆਈ ਆਰ ਦਰਜ ਕੀਤੀ ਹੈ।
ਐਫ ਆਈ ਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਆਗੂਆਂ ਦੀ ਅਗਵਾਈ ਹੇਠ ਪਹੁੰਚੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਗਊਸ਼ਾਲਾ ਚੌਕ ਤੇ ਲਗੇ ਬੈਰੀਕੇਡ ਤੋੜ ਦਿੱਤੇ, ਪੁਲੀਸ ਫੋਰਸ ਤੇ ਹਮਲਾ ਕੀਤਾ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਪੁਲੀਸ ਮੁਤਾਬਕ ਬੀਤੀ ਦੁਪਹਿਰ ਕਰੀਬ 2500 ਤੋਂ 3000 ਪ੍ਰਦਰਸ਼ਨਕਾਰੀ ਸੈਕਟਰ-50/51/44/45 ਸਥਿਤ ਗਊਸ਼ਾਲਾ ਚੌਕ ਤੇ ਇਕੱਠੇ ਹੋਏ। ਪ੍ਰਦਰਸ਼ਨਕਾਰੀ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨਿਵਾਸ ਵੱਲ ਕੂਚ ਕਰਨਾ ਚਾਹੁੰਦੇ ਸਨ। ਪੁਲੀਸ ਦਾ ਦਾਅਵਾ ਹੈ ਕਿ ਕਈ ਪ੍ਰਦਰਸ਼ਨਕਾਰੀ ਤਲਵਾਰਾਂ, ਫਰਸੇ, ਕੁਹਾੜੀਆਂ, ਨੇਜ਼ੇ ਅਤੇ ਡੰਡੇ ਲੈ ਕੇ ਪਹੁੰਚੇ ਹੋਏ ਸਨ ਅਤੇ ਸੜਕ ਜਾਮ ਕਰਕੇ ਨਾਅਰੇਬਾਜ਼ੀ ਕਰ ਰਹੇ ਸਨ।
ਐਫ ਆਈ ਆਰ ਅਨੁਸਾਰ ਮੌਕੇ ਤੇ ਮੌਜੂਦ ਸੀਨੀਅਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਈ ਵਾਰ ਸਮਝਾਇਆ ਕਿ ਸ਼ਹਿਰ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ ਐਨ ਐਸ ਐਸ) ਦੀ ਧਾਰਾ 163 ਲਾਗੂ ਹੈ ਅਤੇ ਬਿਨਾਂ ਇਜਾਜ਼ਤ ਮਾਰਚ ਕੱਢਣ ਦੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਨੂੰ ਸੈਕਟਰ-25 ਰੈਲੀ ਗਰਾਊਂਡ ਵਿੱਚ ਪ੍ਰਦਰਸ਼ਨ ਕਰਨ ਦੀ ਸਲਾਹ ਵੀ ਦਿੱਤੀ ਗਈ, ਪਰ ਪੁਲੀਸ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਮੰਨੇ ਅਤੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
ਸਥਿਤੀ ਵਿਗੜਨ ਤੇ ਡਿਊਟੀ ਮੈਜਿਸਟਰੇਟ ਦੀ ਮਨਜ਼ੂਰੀ ਨਾਲ ਪੁਲੀਸ ਨੇ ਹਲਕਾ ਬਲ ਇਸਤਮਾਲ ਕੀਤਾ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇਸ ਦੇ ਬਾਵਜੂਦ ਪੁਲੀਸ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਤੇ ਹਮਲਾ ਕਰ ਦਿੱਤਾ। ਇਸ ਝੜਪ ਵਿੱਚ 15 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਪੁਲੀਸ ਅਨੁਸਾਰ ਇਸ ਦੌਰਾਨ ਸੈਕਟਰ-45/46 ਚੌਕ ਵਿੱਚ ਕੁਝ ਪ੍ਰਦਰਸ਼ਨਕਾਰੀ ਵਾਟਰ ਕੈਨਨ ਵਾਹਨ ਤੇ ਚੜ੍ਹ ਗਏ, ਉਸ ਦੀ ਨੋਜ਼ਲ ਨੂੰ ਨੁਕਸਾਨ ਪਹੁੰਚਾਇਆ ਅਤੇ ਚਾਲਕ ਏ ਐਸ ਆਈ ਗੁਰਜੀਤ ਸਿੰਘ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਨ੍ਹਾਂ ਦੇ ਹੱਥ ਵਿੱਚ ਗੰਭੀਰ ਸੱਟ ਲੱਗੀ। ਉਨ੍ਹਾਂ ਨੂੰ ਇਲਾਜ ਲਈ ਜੀ ਐਮ ਐਸ ਐਚ-16 ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਪੁਲੀਸ ਨੇ ਇਸ ਮਾਮਲੇ ਵਿੱਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਜਗਦੀਪ ਸਿੰਘ ਕਨਸਾਲਾ, ਇਕਬਾਲ ਸਿੰਘ ਸੰਧੂ, ਪਰਮਜੀਤ ਸਿੰਘ ਜੋਹਲ, ਅਜੀਬ ਸਿੰਘ ਮਖਮੇਲਪੁਰ, ਚਮਕੌਰ ਸਿੰਘ ਧੂਨ, ਐਡਵੋਕੇਟ ਈਮਾਨ ਸਿੰਘ ਖਾਰਾ, ਜਸਵਿੰਦਰ ਸਿੰਘ ਡਰੌਲੀ, ਇਕਬਾਲ ਸਿੰਘ ਚੁੰਡਾ, ਕਰਨੈਲ ਸਿੰਘ ਪੰਜੋਲੀ, ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਲਖਵੀਰ ਸਿੰਘ ਲੱਖਾ ਨੂੰ ਨਾਮਜ਼ਦ ਕੀਤਾ ਹੈ।
ਹੋਰ ਅਣਪਛਾਤੇ ਪ੍ਰਦਰਸ਼ਨਕਾਰੀਆਂ ਦੀ ਪਛਾਣ ਸੀਸੀਟੀਵੀ ਫੁਟੇਜ ਅਤੇ ਵੀਡੀਓ ਰਿਕਾਰਡਿੰਗ ਦੇ ਆਧਾਰ ਤੇ ਕੀਤੀ ਜਾ ਰਹੀ ਹੈ।
Waris-Punjab-De-Manpreet-Ayali-Mla