*ਬੱਚਿਆਂ ਨੂੰ ਗੁਮਰਾਹ ਕਰਨ ਦੇ ਸ਼ੱਕ 'ਚ ਜਾਂਚ ਤੇਜ਼, ਪੁਲਿਸ ਵੱਲੋਂ ਕਈ ਟੀਮਾਂ ਗਠਿਤ, ਵੱਖ-ਵੱਖ ਐਂਗਲਾਂ ਤੋਂ ਜਾਂਚ ਜਾਰੀ*
*24 ਘੰਟਿਆਂ ਵਿੱਚ ਨਾਬਾਲਗਾਂ ਨੂੰ ਜੁਵੈਨਾਇਲ ਬੋਰਡ ਅੱਗੇ ਕੀਤਾ ਜਾਵੇਗਾ ਪੇਸ਼*
*ਖੰਨਾ ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਲਈ ਲੋਕਾਂ ਨੂੰ ਕੀਤੀ ਅਪੀਲ*
ਐਸ.ਪੀ (ਐਚ) ਖੰਨਾ ਹਰਪਿੰਦਰ ਕੌਰ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਇੱਕ ਬਹੁਤ ਵੱਡੀ ਮੰਦਭਾਗੀ ਘਟਨਾ ਆਨੰਦ ਨਗਰ ਖੰਨਾ, ਥਾਣਾ ਸਿਟੀ-2 ਖੰਨਾ ਦੇ ਏਰੀਏ ਵਿੱਚ ਵਾਪਰੀ ਹੈ ਜਿਸ ਵਿੱਚ ਬੱਚਿਆਂ ਵੱਲੋਂ ਗੁਟਕਾ ਸਾਹਿਬ ਦੇ ਅੰਗ ਪਾੜੇ ਗਏ ਹਨ। ਇਸ ਲਈ ਲੋਕਾਂ ਵਿੱਚ ਰੋਸ ਹੈ। ਸੋ ਇਸੇ ਤਹਿਤ ਇੱਕ ਪੁਲਿਸ ਟੀਮ ਗਠਿਤ ਕੀਤੀ ਗਈ ਹੈ। ਸਾਡਾ ਮੁੱਖ ਉਦੇਸ਼ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ। ਇਸੇ ਕਾਰਵਾਈ ਤਹਿਤ ਐਫ.ਆਈ.ਆਰ ਨੰਬਰ 70/2026 U/s 299 and 61(2) BNS ਰਜਿਸਟਰ ਕੀਤੀਆਂ ਗਈਆਂ ਹਨ। ਦੋ ਬੰਦਿਆਂ ਦੀਆਂ ਗਿ੍ਫਤਾਰੀਆਂ ਅਸੀਂ ਪਾ ਚੁੱਕੇ ਹਾਂ। ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਬੱਚਾ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰ ਰਿਹਾ ਹੈ। ਇਹਨਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ।
ਉਨ੍ਹਾਂ ਕਿਹਾ ਕਿ ਜੁਵੈਨਾਇਲ ਜਸਟਿਸ ਐਕਟ ਦੇ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਸੇ ਤਹਿਤ ਜੁਵੈਨਾਇਲ ਜਸਟਿਸ ਬੋਰਡ ਦੇ ਅੱਗੇ ਬੱਚਿਆਂ ਨੂੰ ਪੇਸ਼ ਕੀਤਾ ਜਾਵੇਗਾ। ਬੱਚਿਆਂ ਦੇ ਮਾਤਾ ਅਤੇ ਨਾਨਾ ਤੋਂ ਪੁੱਛਗਿੱਛ ਕੇ ਜਾਰੀ ਹੈ ਸਾਨੂੰ ਜੋ ਵੀ ਸਹੀ ਜਾਣਕਾਰੀ ਮਿਲੇਗੀ ਮੀਡੀਆ ਸਾਹਮਣੇ ਰੱਖੀ ਜਾਵੇਗੀ।
ਉਹਨਾਂ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਝੁੱਗੀਆਂ-ਝੌਂਪੜੀਆਂ ਰਹਿੰਦੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਹੈ। ਇਹ ਗੈਰ ਕਾਨੂੰਨੀ ਤੌਰ 'ਤੇ ਇੱਥੇ ਰਹਿ ਰਹੇ ਸੀ। ਸੋ 188 ਅੰਡਰ ਸੈਕਸ਼ਨ ਪਰਚਾ ਦਰਜ ਕਰਕੇ ਮਾਲਕਾਂ ਉੱਤੇ ਕਾਰਵਾਈ ਕਰ ਰਹੇ ਹਾਂ।
ਉਹਨਾਂ ਕਿਹਾ ਕਿ ਮੀਡੀਆ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਘਰ ਵਿੱਚ ਕੋਈ ਵੀ ਕਿਰਾਏਦਾਰ ਰੱਖਦੇ ਹਾਂ ਤਾਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈਏ। ਜੇਕਰ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਜੇਕਰ ਉਹ ਕੋਈ ਵੀ ਗੈਰ ਕਾਨੂੰਨੀ ਕੰਮ ਕਰਦੇ ਹਨ ਤਾਂ ਉਸਦੇ ਗਲਤ ਕੀਤੇ ਹੋਏ ਕੰਮ ਦੇ ਤੁਸੀਂ ਵੀ ਹੱਕਦਾਰ ਬਣ ਜਾਂਦੇ ਹੋ ਕਿਉਂਕਿ ਨਾ ਤਾਂ ਤੁਸੀਂ ਪੁਲਿਸ ਵੈਰੀਫਿਕੇਸ਼ਨ ਕਰਵਾਉਂਦੇ ਹੋ ਅਤੇ ਨਾ ਹੀ ਕਾਨੂੰਨ ਦੀ ਪਾਲਣਾ ਕਰਦੇ ਹੋ।
ਉਨ੍ਹਾਂ ਕਿਹਾ ਕਿ ਜੁਵੈਨਾਇਲ ਜਸਟਿਸ ਐਕਟ ਤਹਿਤ ਇਹ ਕੇਸ ਜਾਂਚ ਅਧੀਨ ਹੈ। 24 ਘੰਟਿਆਂ ਦੇ ਅੰਦਰ ਬੱਚਿਆਂ ਨੂੰ ਪੇਸ਼ ਕੀਤਾ ਜਾਵੇਗਾ। ਬਾਕੀ ਜੋ ਜੁਵੈਨਾਇਲ ਜਸਟਿਸ ਬੋਰਡ ਦੇ ਨਿਰਦੇਸ਼ ਹੋਣਗੇ ਉਹ ਅਨੁਸਾਰ ਕਾਰਵਾਈ ਹੋਵੇਗੀ।
ਉਹਨਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਹਨ ਜੋ ਵੱਖ-ਵੱਖ ਐਂਗਲਾਂ 'ਤੇ ਕੰਮ ਕਰ ਰਹੀਆਂ ਹਨ। ਕੁਝ ਲੋਕਾਂ ਦੇ ਨਾਮ ਸਾਡੇ ਕੋਲ ਆਏ ਹਨ, ਸ਼ਾਇਦ ਬੱਚਿਆਂ ਨੂੰ ਗੁਮਰਾਹ ਕੀਤਾ ਗਿਆ ਸੀ, ਉਹਨਾਂ ਵੱਲੋਂ ਗੁਟਕਾ ਸਾਹਿਬ ਬੱਚਿਆਂ ਨੂੰ ਦਿੱਤਾ ਗਿਆ ਸੀ। ਵੱਖ-ਵੱਖ ਐਂਗਲਾਂ ਤੋਂ ਜਾਂਚ ਜਾਰੀ ਹੈ ਜੋ ਵੀ ਤੱਥ ਸਾਡੇ ਸਾਹਮਣੇ ਆਉਣਗੇ ਉਹ ਮੀਡੀਆ ਸਾਹਮਣੇ ਰੱਖਾਂਗੇ।
ਉਹਨਾਂ ਕਿਹਾ ਕਿ ਮਾਹੌਲ ਸ਼ਾਂਤੀ ਪੂਰਨ ਹੈ। ਸਾਰਿਆਂ ਨੂੰ ਅਪੀਲ ਹੈ ਕਿ ਖੰਨਾ ਵਿੱਚ ਜੋ ਵੀ ਇਹ ਘਟਨਾ ਹੋਈ ਹੈ ਬਹੁਤ ਮੰਦਭਾਗੀ ਹੈ। ਛੋਟੇ ਬੱਚਿਆਂ ਕੋਲ ਆਪਣਾ ਇਸ ਤਰਾਂ ਦਾ ਗਲਤ ਮਾਈਂਡ ਨਹੀਂ ਹੁੰਦਾ। ਜੇਕਰ ਉਹਨਾਂ ਨੂੰ ਗੁਮਰਾਹ ਕਰਕੇ ਇਹ ਗਲਤ ਕੰਮ ਕੀਤਾ ਗਿਆ ਹੈ ਤਾਂ ਸਬੰਧਤ ਵਿਅਕਤੀ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਅਸੀਂ ਇਸ ਦੇ ਸਖਤ ਖਿਲਾਫ ਹਾਂ। ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਸਖਤ ਨਿਰਦੇਸ਼ ਹਨ ਅਤੇ ਖੰਨਾ ਪੁਲਿਸ ਅਮਨ ਤੇ ਕਾਨੂੰਨ ਬਰਕਰਾਰ ਰੱਖਣ ਲਈ ਤਤਪਰ ਹੈ।