ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਲਾਈਨ ਨਾਲ ਜੋੜਣ ਲਈ ਰੇਲਵੇ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੇ ਐਲਾਨ ਦੀ ਅਜੇ ਸਿਆਹੀ ਨਹੀਂ ਸੀ ਸੁੱਕੀ, ਕਿ ਤਲਵੰਡੀ ਸਾਬੋ ਇਲਾਕੇ ਨਾਲ ਸਬੰਧਤ ਬਾਰਾਂ ਪਿੰਡਾਂ ਦੇ ਲੋਕਾਂ ਨੇ ਆਪਣੀ ਜ਼ਮੀਨ ਨਾ ਦੇਣ ਦਾ ਫੈਸਲਾ ਲੈ ਲਿਆ।
ਬਠਿੰਡਾ ਪ੍ਰੈਸ ਕਲੱਬ ਵਿਖੇ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹਨਾਂ ਪਿੰਡਾਂ ਦੇ ਲੋਕਾਂ ਕਿ ਉਹ ਤਖ਼ਤ ਸਾਹਿਬ ਨੂੰ ਰੇਲਵੇ ਲਾਈਨ ਨਾਲ ਜੋੜਣ ਦਾ ਵਿਰੋਧ ਨਹੀਂ ਕਰ ਰਹੇ, ਸਗੋਂ ਆਪਣੀ ਜ਼ਮੀਨਾਂ ਨੂੰ ਬਚਾਉਣ ਲਈ ਜੱਦੋਜਹਿਦ ਕਰਨ ਲਈ ਮਜਬੂਰ ਹਨ। ਕਿਸਾਨਾਂ ਅਨੁਸਾਰ ਪੰਜਾਬ ਦੇ ਕਿਸੇ ਵੀ ਖਿੱਤੇ ਵਿੱਚ ਜ਼ਮੀਨ ਮਿਲਣੀ ਅਸੰਭਵ ਹੈ, ਇਸ ਲਈ ਸਾਡੀਆਂ ਜ਼ਮੀਨਾਂ ਇਕੁਆਇਰ ਕਰਨ ਬਦਲੇ ਮੁਆਵਜੇ ਦੀ ਜੋ ਰਾਸ਼ੀ ਮਿਲੇਗੀ ਉਹ ਕਿੱਥੇ ਖ਼ਰਚੀ ਜਾਵੇ, ਇਹ ਇੱਕ ਨਾ ਸੁਲਝਣਯੋਗ ਸੁਆਲ ਹੈ। ਸਬੰਧਤ ਕਿਸਾਨਾਂ ਅਨੁਸਾਰ ਜਦੋਂ ਇਸ ਰੇਲਵੇ ਲਾਈਨ ਦਾ ਸਰਵੇ ਹੋ ਰਿਹਾ ਸੀ, ਉਹਨਾਂ ਉਦੋਂ ਹੀ ਰੇਲਵੇ ਰਾਜ ਮੰਤਰੀ ਸ੍ਰੀ ਬਿੱਟੂ ਨਾਲ ਮਿਲਕੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਸੀ। ਇਹ ਕਾਰਨ ਹੈ ਕਿ ਕੱਲ੍ਹ ਬਠਿੰਡਾ ਵਿਖੇ ਇਸ ਸਬੰਧੀ ਸ੍ਰੀ ਬਿੱਟੂ ਜਦ ਐਲਾਨ ਕਰ ਰਹੇ ਸਨ, ਤਾਂ ਉਹਨਾਂ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨੂੰ ਵਿਰੋਧ ਨਾਲ ਕਰਨ ਦੀ ਗੱਲ ਦਾ ਜ਼ਿਕਰ ਕੀਤਾ ਸੀ।
ਕਿਸਾਨਾਂ ਅਨੁਸਾਰ ਸਰਧਾਲੂਆਂ ਨੂ ਸ੍ਰੀ ਦਮਦਮਾ ਸਾਹਿਬ ਆਉਣ ਜਾਣ ਲਹੀ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ, ਫੇਰ ਵੀ ਜੇ ਰੇਲਵੇ ਲਾਈਨ ਨਾਲ ਜੋੜਣਾ ਹੈ ਤਾਂ ਦਰਜਨਾਂ ਪਿੰਡਾਂ ਦੀ ਜਮੀਨ ਇਕੁਆਇਰ ਕਰਨ ਦੇ ਉਲਟ ਬਠਿੰਡਾ ਸਿਰਸਾ ਲਾਈਨ ਤੇ ਪੈਂਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ ਨੂੰ ਸ੍ਰੀ ਤਖ਼ਤ ਦਮਦਮਾ ਸਾਹਿਬ ਦਾ ਨਾਂ ਦੇ ਕੇ ਉੱਥੋਂ ਤਲਵੰਡੀ ਸਾਬੋ ਤੱਕ ਦੇ ਅੱਠ ਕਿਲੋਮੀਟਰ ਦੇ ਪੈਂਡੇ ਨੂੰ ਤਹਿ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਾਂਗ ਮੁਫ਼ਤ ਬੱਸਾਂ ਚਲਾਈਆਂ ਜਾ ਸਕਦੀਆਂ ਹਨ। ਜਿਕਰਯੋਗ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਦਾ ਪੈਂਡਾ ਤਹਿ ਕਰਨ ਲਈ ਐੱਸ ਜੀ ਪੀ ਸੀ ਵੱਲੋਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਕਿਸਾਨਾਂ ਨੇ ਇਹ ਵੀ ਤਰਕ ਦਿੱਤਾ ਕਿ ਇਸ ਫੈਸਲੇ ਨਾਲ ਤਖ਼ਤ ਸਾਹਿਬ ਦਾ ਕਾਰਜ ਖੇਤਰ ਕਈ ਕਿਲੋਮੀਟਰ ਤੱਕ ਫੈਲਣ ਤੋਂ ਇਲਾਵਾ ਬੰਗੀ ਨਿਹਾਲ ਸਿੰਘ ਵਾਲਾ ਤੋਂ ਲੈ ਕੇ ਦਮਦਮਾ ਸਾਹਿਬ ਦੇ ਇਲਾਕੇ ਦਾ ਵਿਕਾਸ ਵੀ ਹੋਵੇਗਾ।