ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਯੋਗ ਅਗਵਾਈ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਚੱਲ ਰਹੇ ਸਮਾਗਮਾਂ ਦੌਰਾਨ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਆਰੰਭਤਾ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਮੁੱਖਵਾਕ ਲਿਆ ਗਿਆ ਅਤੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਹੋਈ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਵੱਲੋਂ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੱਲੋਂ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ, ਜਥੇਦਾਰ ਗੁਰਪ੍ਰੀਤ ਸਿੰਘ ਰੰਧਾਵਾ, ਜਥੇਦਾਰ ਹਰਪਾਲ ਸਿੰਘ ਜੱਲਾ ਤੋਂ ਇਲਾਵਾ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਗਿਆਨੀ ਅਤਰ ਸਿੰਘ ਜੋਤੀ ਸਰੂਪ ਸਿੰਘ ਵਾਲੇ, ਬਾਬਾ ਗੁਲਜ਼ਾਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਰਨਾਰਥਲ, ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਨਗਰ ਕੀਰਤਨ ਦੌਰਾਨ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਗੁਰੂ ਸਾਹਿਬ ਜੀ ਦੇ ਸਤਿਕਾਰ ਵਿਚ ਪੁਲਿਸ ਪਲਟਣ ਵੱਲੋਂ ਸਲਾਮੀ ਵਜੋਂ ਸਲੂਟ ਸਤਿਕਾਰ ਭੇਂਟ ਕੀਤਾ ਗਿਆ।