ਤਰਨ ਤਾਰਨ ਉਪ ਚੋਣ ਦੇ ਨਤੀਜਿਆਂ ਤੋਂ ਸਬਕ ਲੈਣ ਪੰਥਕ ਧਿਰਾਂ, ਇੱਕਜੁੱਟ ਹੋਣਾ ਸਮੇਂ ਦੀ ਲੋੜ, ਸੁਖਬੀਰ ਬਾਦਲ ਨਾਲ ਵੀ ਕੋਈ ਨਰਾਜ਼ਗੀ ਨਹੀਂ : ਮਰਨਜੀਤ ਮਾਨ
Nov15,2025
| Parvinder Jit Singh | Bathinda
ਬਠਿੰਡਾ 15 ਨਵੰਬਰ (ਪਰਵਿੰਦਰ ਜੀਤ ਸਿੰਘ ):- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 23 ਨਵੰਬਰ ਨੂੰ ਦੀਨਾ ਨਗਰ ਮੋਗਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਮੁੱਚੀਆਂ ਪੰਥਕ ਧਿਰਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਏਕਤਾ ਦਾ ਯਤਨ ਕੀਤਾ ਜਾ ਸਕੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਕਿਹਾ ਕਿ ਤਰਨ ਤਾਰਨ ਉਪ ਚੋਣ ਦੇ ਨਤੀਜਿਆਂ ਤੋਂ ਪੰਥਕ ਧਿਰਾਂ ਨੂੰ ਸਬਕ ਲੈਣ ਦੀ ਲੋੜ ਹੈ ਕਿਉਂਕਿ ਜੇਕਰ ਸਰਕਾਰ ਬਣਾਉਣੀ ਹੈ ਤਾਂ ਸਾਰੀਆਂ ਧਿਰਾਂ ਨੂੰ ਇੱਕਜੁੱਟ ਹੋਣਾ ਪਵੇਗਾ, ਸੁਖਬੀਰ ਬਾਦਲ ਨਾਲ ਵੀ ਕੋਈ ਨਾਰਾਜ਼ਗੀ ਨਹੀਂ, ਉਨਾਂ ਨਾਲ ਵੀ ਸਮੁੱਚੀਆਂ ਧਿਰਾਂ ਨੂੰ ਆਪਣੀਆਂ ਦੂਰੀਆਂ ਘਟਾ ਕੇ ਪੰਥਕ ਸਰਕਾਰ ਬਣਾਉਣ ਲਈ ਅੱਗੇ ਆਉਣ ਦੀ ਲੋੜ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਤਰਨ ਤਾਰਨ ਉਪ ਚੋਣ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਮਨਦੀਪ ਸਿੰਘ ਨੂੰ ਆਪਣਾ ਉਮੀਦਵਾਰ ਹੀ ਦੱਸਿਆ ਗਿਆ, ਸਾਂਝਾ ਪੰਥਕ ਉਮੀਦਵਾਰ ਦੱਸਕੇ ਪ੍ਰਚਾਰ ਕਰਦੇ ਤਾਂ ਹੋਰ ਸੌਖਾ ਹੋਣਾ ਸੀ। ਖਾਲਿਸਤਾਨ ਦੇ ਅਜੰਡੇ ਤੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਹੋਰਨਾਂ ਆਗੂਆਂ ਦੀ ਵੱਖਰੀ ਸੋਚ ਸਬੰਧੀ ਪੁੱਛੇ ਸਵਾਲ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖਾਲਸਾ ਰਾਜ ਸਾਰੀਆਂ ਧਿਰਾਂ ਲਈ ਜਰੂਰੀ ਹੈ। ਉਹਨਾਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪਰਾਲੀ ਦੇ ਧੂਏ ਤੇ ਹੁੰਦੀ ਸਿਆਸਤ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੂੰ ਪੰਜਾਬ ਵਿੱਚੋਂ ਆਉਂਦੇ ਪਰਾਲੀ ਦੇ ਧੂਏ ਤੇ ਤਾਂ ਨਿਗਾਹ ਆ ਜਾਂਦੀ ਹੈ ਫਿਰ ਸਿੱਖਾਂ ਨਾਲ ਹੁੰਦੀ ਬੇਇਨਸਾਫੀ ਤੇ ਚੁੱਪ ਕਿਉਂ ਹਨ? ਉਹਨਾਂ ਕਿਹਾ ਕਿ ਹਿੰਦੂਤਵ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਅਤੇ ਇਨਸਾਫ ਨਹੀਂ ਦਿੱਤਾ। ਸਿਮਰਨਜੀਤ ਸਿੰਘ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਰਾਜਨਾਥ ਸਮੇਤ ਕੇਂਦਰੀ ਆਗੂਆਂ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਖਤਮ ਕਰਨ ਲਈ ਵੱਖ-ਵੱਖ ਵਿਦੇਸ਼ਾਂ ਵਿੱਚ ਵੀ ਸਿੱਖਾਂ ਦਾ ਕਤਲੇਆਮ ਹੋਇਆ ਪਰ ਦੇਸ਼ ਵਿੱਚ ਵੀ ਸਿੱਖਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਤੇ ਕੋਈ ਨਹੀਂ ਬੋਲਦਾ, ਇਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਵੀ ਸਿੱਖਾਂ ਦੀ ਸੋਚ ਪ੍ਰਤੀ ਹਮਦਰਦੀ ਰੱਖਣ ਵਾਲਾ ਕੋਈ ਵੀ ਜੱਜ ਨਹੀਂ। ਉਹਨਾ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕਜੁੱਟ ਕਰਕੇ ਚੋਣ ਲੜਨ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਉਹਨਾਂ ਪੰਥਕ ਧਿਰਾਂ ਅਤੇ ਪਾਰਟੀ ਦੇ ਵਰਕਰਾਂ ਨੂੰ 23 ਨਵੰਬਰ ਨੂੰ ਦੀਨਾ ਨਗਰ ਵਿਖੇ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਬਾਲਿਆਂਵਾਲੀ, ਖਾਲਸਾ ਕਿਲਾ ਯੂਥ ਪ੍ਰਧਾਨ ਗੁਰਚਰਨ ਸਿੰਘ ਕੋਟਲੀ, ਮਹਿੰਦਰ ਸਿੰਘ ਖਾਲਸਾ, ਹਰਫੂਲ ਸਿੰਘ ਬਠਿੰਡਾ, ਸੁਖਦੇਵ ਸਿੰਘ ਕਾਲਾ, ਗੁਰਬਚਨ ਸਿੰਘ ,ਸਿਮਰਨ ਜੋਤ ਸਿੰਘ ਖਾਲਸਾ, ਲਾਭ ਸਿੰਘ ,ਅਮਰ ਸਿੰਘ, ਬਲਜੀਤ ਸਿੰਘ ਘੁਦਾ, ਗੁਰਦੀਪ ਸਿੰਘ ਮੰਡੀ ਕਲਾਂ, ਰਜਿੰਦਰ ਪਾਲ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਮੌਜੂਦ ਸਨ।
Powered by Froala Editor
Simranjit-Singh-Mann-Statement-Call-For-Panth-Unity-Akali-Dal