ਘਰਾਂ ਵਿੱਚ ਚਲਦੀਆਂ ਦੁਕਾਨਾਂ ਦੇ ਖਿਲਾਫ ਕਾਰਵਾਈ ਰੋਕਣ ਦੀ ਮੰਗ
ਮੋਹਾਲੀ, 11 ਦਸੰਬਰ(ਗੁਰਵਿੰਦਰ ਸਿੰਘ) ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚਲ ਰਹੇ ਅਦਾਲਤੀ ਮਾਨਹਾਨੀ ਦੇ ਮਾਮਲੇ ਵਿੱਚ ਨਗਰ ਨਿਗਮ ਅਤੇ ਗਮਾਡਾ ਵਲੋਂ ਸਾਂਝੇ ਤੌਰ ਤੇ ਨਾਜਾਇਜ ਕਬਜਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਜਿੱਥੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਢਾਹੇ ਜਾ ਰਹੇ ਹਨ, ਉੱਥੇ ਇਸ ਦੌਰਾਨ ਫੇਜ਼ 11 ਦੇ ਕਵਾਟਰਾਂ ਵਿੱਚ ਦੁਕਾਨਾਂ ਕਰਨ ਵਾਲਿਆਂ ਵਲੋਂ ਗਮਾਡਾ ਦੇ ਖਿਲਾਫ ਧਰਨਾ ਲਗਾ ਕੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਰੁਜਗਾਰ ਖਤਮ ਨਾ ਕੀਤਾ ਜਾਵੇ। ਇਸ ਸੰਬੰਧੀ ਇਹਨਾਂ ਕਵਾਟਰਾਂ ਵਾਲਿਆਂ ਵਲੋਂ ਭਾਵੇਂ ਆਪਣੇ ਮਕਾਨਾਂ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ੇ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਗਏ ਹਨ ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਗਮਾਡਾ ਦੇ ਕਰਮਚਾਰੀਆਂ ਵਲੋਂ ਉਹਨਾਂ ਨੂੰ ਦੁਕਾਨਾਂ ਬੰਦ ਕਰਨ ਜਾਂ ਕਾਰਵਾਈ ਦਾ ਸਮ੍ਹਾਣਾ ਕਰਨ ਬਾਰੇ ਕਿਹਾ ਜਾ ਰਿਹਾ ਹੈ ਜਿਸਦੇ ਖਿਲਾਫ ਉਹਨਾਂ ਵਲੋਂ ਧਰਨਾ ਦੇ ਦਿੱਤਾ ਗਿਆ ਹੈ।
ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਉਹ ਪਿਛਲੇ 25-30 ਸਾਲਾਂ ਤੋਂ ਆਪਣੇ ਮਕਾਨਾਂ ਵਿੱਚ ਛੋਟਾ ਮੋਟਾ ਕੰਮ ਕਰਕੇ ਆਪਣਾ ਰੁਜਗਾਰ ਚਲਾ ਰਹੇ ਹਨ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਦੀ ਮੁਹਿੰਮ ਦੇ ਦੌਰਾਨ ਟੀਮ ਵਲੋਂ ਉਹਨਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰਵਾਰ ਬਣਾਏ ਸ਼ੈਡ ਆਦਿ ਲਾਹੁਣ ਅਤੇ ਮਕਾਨਾਂ ਦੇ ਬਾਹਰ ਕੀਤੇ ਆਪਣੇ ਕਬਜੇ ਖਤਮ ਕਰਨ ਲਈ ਕਿਹਾ ਗਿਆ ਸੀ ਜਿਸਤੇ ਉਹਨਾਂ ਨੇ ਖੁਦ ਹੀ ਆਪਣੇ ਸ਼ੈਡ ਖੋਲ੍ਹ ਦਿੱਤੇ ਸਨ ਅਤੇ ਕਬਜੇ ਖਤਮ ਕਰ ਦਿੱਤੇ ਸਨ ਪਰੰਤੂ ਹੁਣੇ ਵੀ ਗਮਾਡਾ ਦੇ
ਅਧਿਕਾਰੀ ਉਹਨਾਂ ਨੂੰ ਦੁਕਾਨਾਂ ਪਿਛੇ ਕਰਨ ਲਈ ਕਹਿ ਰਹੇ ਹਨ ਜਿਸਦੇ ਵਿਰੋਧ ਵਿੱਚ ਇਹ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਧਰਨਾਕਾਰੀਆਂ ਦੇ ਸਮਰਥਨ ਵਿੱਚ ਪਹੁੰਚੇ ਕਾਂਗਰਸੀ ਆਗੂ ਸ੍ਰੀ ਗੌਰਵ ਜੈਨ (ਜੋ ਨਗਰ ਨਿਗਮ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਵਰਗੀ ਰਿਸ਼ਵ ਜੈਨ ਦੇ ਪੁੱਤਰ ਹਨ) ਨੇ ਕਿਹਾ ਕਿ ਇਹ ਲੋਕ ਪਿਛਲੇ 30 ਸਾਲਾਂ ਤੋਂ ਇੱਥੇ ਆਪਣੇ ਰੁਜਗਾਰ ਚਲਾ ਰਹੇ ਹਨ ਅਤੇ ਇਹਨਾਂ ਵਲੋਂ ਆਪਣੇ ਮਕਾਨਾਂ ਦੇ ਬਾਹਰ ਵਾਲੀ ਥਾਂ ਤੇ ਕੀਤੇ ਨਾਜਾਇਜ਼ ਕਬਜ਼ੇ ਵੀ ਖੁਦ ਹੀ ਹਟਾ ਦਿੱਤੇ ਗਏ ਹਨ ਇਸ ਲਈ ਇਹਨਾਂ ਦਾ ਰੁਜਗਾਰ ਖਤਮ ਨਹੀਂ ਕੀਤਾ ਜਾਣਾ ਚਾਹੀਦਾ।
ਉਹਨਾਂ ਦੱਸਿਆ ਕਿ ਧਰਨੇ ਦੌਰਾਨ ਫੇਜ਼ 11 ਥਾਣੇ ਦੇ ਐਸ ਐਚ ਓ ਵੀ ਆਏ ਸਨ ਜਿਹਨਾਂ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਨਾਲ ਨਾਇਨਸਾਫੀ ਨਹੀਂ ਹੋਵੇਗੀ ਅਤੇ ਉਹ ਆਪਣੀ ਦੁਕਾਨਾਂ ਖੋਲ੍ਹ ਲੈਣ।
ਖਬਰ ਲਿਖੇ ਜਾਣ ਤਕ ਇਹ ਧਰਨਾ ਜਾਰੀ ਸੀ ਅਤੇ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਗਮਾਡਾ ਦੇ ਅਧਿਕਾਰੀ ਉਹਨਾਂ ਨੂੰ ਭਰੋਸਾ ਦੇਣ ਕਿ ਉਹਨਾਂ ਦੇ ਖਿਲਾਫ ਤੋੜ ਭੰਨ ਦੀ ਕਾਰਵਾਈ ਨਹੀਂ ਹੋਵੇਗੀ ਜਿਸਤੋਂ ਬਾਅਦ ਹੀ ਇਹ ਧਰਨਾ ਖਤਮ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀਆ ਸਿੱਧੂ, ਰਾਜੂ ਕਮਨੀਕੇਸ਼ਨ, ਰਮਨ ਅਰੋੜਾ, ਰਮਨ ਸਲੂਜਾ, ਐਚ ਐਸ ਇਲੈਕਟਰੀਸ਼ਨ, ਵਿੱਕੀ ਗਰਗ ਗੌਰਵ ਜੈਨ, ਬਾਲਾ ਠਾਕਰ, ਰਣਜੀਤ ਸਿੰਘ ਜਗਤਪੁਰਾ, ਹਰਪ੍ਰੀਤ ਮੱਟੂ, ਰਮਨ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਤੇ ਵੱਡੀ ਗਿਣਤੀ ਵਿਚ ਸਥਾਨਿਕ ਲੋਕ ਵੀ ਹਾਜਿਰ ਸਨ।