ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਗਵਾਈ ਹੇਠ ਖੰਨਾ ਪੁਲਿਸ ਦਾ ਗੈਂਗਸਟਰਾਂ 'ਤੇ ਵੱਡਾ ਵਾਰ - ਆੜ੍ਹਤੀ ਦੀ ਦੁਕਾਨ ਉਪਰ ਗੋਲੀਆਂ ਚਲਾਉਣ ਵਾਲੇ ਫੜੇ
Apr21,2026
| Ravinder Singh Dhillon | Khanna
-ਆਸਟ੍ਰੇਲੀਆ ਬੈਠੇ ਭਰਾਵਾਂ ਨੇ ਰਚੀ ਸੀ ਸਾਜ਼ਿਸ਼, ਸ਼ਗਨਪ੍ਰੀਤ ਦੇ ਪਿਤਾ ਨੂੰ ਪਹਿਲਾਂ ਕੀਤਾ ਜਾ ਚੁੱਕਾ ਗ੍ਰਿਫਤਾਰ
ਹੁਣ ਚਾਰ ਹੋਰ ਮੁਲਜ਼ਮ ਕੀਤੇ ਕਾਬੂ - ਐਸਐਸਪੀ ਡਾ. ਦਰਪਣ ਆਹਲੂਵਾਲੀਆ
ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਚਲਾਈ ਜਾ ਰਹੀ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਖੰਨਾ ਪੁਲਿਸ ਨੇ ਇਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਬਰਨ ਵਸੂਲੀ, ਧਮਕੀਆਂ ਦੇਣ ਅਤੇ ਵਪਾਰੀ ‘ਤੇ ਗੋਲੀਆਂ ਚਲਾਉਣ ਵਾਲੇ ਖਤਰਨਾਕ ਗਿਰੋਹ ਦੇ 4 ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਨਾ ਸਿਰਫ਼ ਇੱਕ ਵੱਡੀ ਵਾਰਦਾਤ ਦਾ ਪਰਦਾਫਾਸ਼ ਕੀਤਾ ਹੈ, ਸਗੋਂ ਅਪਰਾਧਿਕ ਗਤੀਵਿਧੀਆਂ ‘ਤੇ ਵੀ ਕਰਾਰਾ ਵਾਰ ਕੀਤਾ ਹੈ। ਇਸ ਨਾਲ ਇਲਾਕੇ 'ਚ ਸੁਰੱਖਿਅਤ ਮਾਹੌਲ ਵੀ ਪੈਦਾ ਹੋਇਆ ਹੈ ਤੇ ਆਮ ਲੋਕਾਂ ਅੰਦਰ ਪੁਲਿਸ ਦਾ ਵਿਸ਼ਵਾਸ਼ ਮਜ਼ਬੂਤ ਹੋਇਆ ਹੈ।
ਇਹ ਕਾਰਵਾਈ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਤੇ ਪ੍ਰਭਾਵਸ਼ਾਲੀ ਅਗਵਾਈ ਹੇਠ ਕੀਤੀ ਗਈ, ਜਿਨ੍ਹਾਂ ਦੀ ਅਗਵਾਈ ਵਿੱਚ ਖੰਨਾ ਪੁਲਿਸ ਲਗਾਤਾਰ ਅਪਰਾਧ ਦੇ ਖ਼ਾਤਮੇ ਲਈ ਵੱਡੇ ਕਦਮ ਚੁੱਕ ਰਹੀ ਹੈ। ਉਨ੍ਹਾਂ ਦੀ ਲੀਡਰਸ਼ਿਪ ਹੇਠ ਪੁਲਿਸ ਨੇ ਨਿਰੰਤਰ ਮੁਹਿੰਮ ਚਲਾ ਕੇ ਗੈਂਗਸਟਰ ਤੱਤਾਂ ਨੂੰ ਕਰਾਰਾ ਜਵਾਬ ਦਿੱਤਾ ਹੈ, ਜਿਸ ਨਾਲ ਇਲਾਕੇ ਵਿੱਚ ਸੁਰੱਖਿਆ ਦਾ ਮਾਹੌਲ ਹੋਰ ਮਜ਼ਬੂਤ ਹੋਇਆ ਹੈ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਇਕ ਵਪਾਰੀ ਦੀ ਆੜਤ ਦੀ ਦੁਕਾਨ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਪੁਲਿਸ ਨੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖਾਸ ਟੀਮਾਂ ਬਣਾਈਆਂ ਅਤੇ
ਮੁਕੱਦਮੇ ਦੀ ਤਫਤੀਸ਼ ਨੂੰ ਅਮਲ ਵਿੱਚ ਲਿਆਉਂਦੇ ਹੋਏ ਪੁਲਿਸ ਨੇ ਟੈਕਨੀਕਲ ਅਤੇ ਹਿਊਮਨ ਰਿਸੋਰਸ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਪੁਲਿਸ ਟੀਮ ਜਦੋਂ ਸੰਗਮ ਪੈਲੇਸ ਦੇ ਨੇੜੇ ਪਹੁੰਚੀ ਤਾਂ ਇੱਕ ਮੋਨਾ ਨੌਜਵਾਨ ਸ਼ੱਕੀ ਹਾਲਤ ਵਿੱਚ ਖੜਾ ਦਿੱਸਿਆ। ਪੁਲਿਸ ਪਾਰਟੀ ਨੂੰ ਦੇਖਦੇ ਹੀ ਉਹ ਭੱਜਣ ਲੱਗ ਪਿਆ ਅਤੇ ਇਕ ਸੁੰਨੀ ਪਈ ਇਮਾਰਤ ਦੀ ਪਹਿਲੀ ਮੰਜ਼ਿਲ ਵੱਲ ਚੜ੍ਹ ਗਿਆ, ਪਰ ਦੌੜਦਿਆਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਛੱਤ ਤੋਂ ਹੇਠਾਂ ਡਿੱਗ ਪਿਆ। ਪੁਲਿਸ ਨੇ ਤੁਰੰਤ ਉਸਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸਨੇ ਆਪਣਾ ਨਾਮ ਓਮੇਸ਼ ਕੁਮਾਰ ਉਰਫ਼ ਛਾਗਾ ਪੁੱਤਰ ਪ੍ਰੇਮ ਪਾਲ ਵਾਸੀ ਵਾਰਡ ਨੰਬਰ 4 ਸਾਹਨੇਵਾਲ, ਜ਼ਿਲ੍ਹਾ ਲੁਧਿਆਣਾ ਦੱਸਿਆ। ਉਕਤ ਦੋਸ਼ੀ ਦੀ ਪੁੱਛਗਿੱਛ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਇਕ ਆੜਤ ਦੀ ਦੁਕਾਨ ‘ਤੇ ਉਸਨੇ ਆਪਣੇ ਸਾਥੀ ਗੋਰਵ ਉਰਫ਼ ਗੋਲਾ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 5, ਗੁਰਦੁਆਰਾ ਬਾਬਾ ਜੀਵਨ ਸਿੰਘ ਭੁਟਾਨਪੁਰ (ਅੰਮ੍ਰਿਤਸਰ) ਦੇ ਨਾਲ ਮਿਲ ਕੇ ਗੋਲੀਆਂ ਚਲਾਈਆਂ ਸਨ। ਇਸ ਖੁਲਾਸੇ ਤੋਂ ਬਾਅਦ ਓਮੇਸ਼ ਕੁਮਾਰ ਉਰਫ਼ ਸੋਨੂ ਉਰਫ਼ ਛਾਗਾ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਦੋਸ਼ੀ ਦੀ ਡੂੰਘੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਸਾਹਮਣੇ ਆਏ। ਜਾਂਚ ਵਿੱਚ ਪਤਾ ਲੱਗਾ ਕਿ ਸ਼ਗਨਪ੍ਰੀਤ ਸਿੰਘ ਉਰਫ਼ ਸ਼ਗਨ ਅਤੇ ਜਗਪ੍ਰੀਤ ਸਿੰਘ, ਜੋ ਇਸ ਸਮੇਂ ਵਿਦੇਸ਼ (ਆਸਟ੍ਰੇਲੀਆ) ਵਿੱਚ ਰਹਿੰਦੇ ਹਨ, ਇਸ ਗਿਰੋਹ ਨਾਲ ਜੁੜੇ ਹੋਏ ਹਨ। ਦੋਹਾਂ ਦੇ ਪਰਿਵਾਰਕ ਮੈਂਬਰ ਇਥੇ ਬੈਠ ਕੇ ਉਨ੍ਹਾਂ ਨੂੰ ਸੂਚਨਾ ਪ੍ਰਦਾਨ ਕਰਦੇ ਸਨ ਅਤੇ ਇਹ ਗਿਰੋਹ ਗੈਂਗਸਟਰ ਡੋਨੀ ਬੱਲ ਨਾਲ ਲਿੰਕ ਵਿੱਚ ਰਹਿੰਦਾ ਹੋਇਆ ਫਿਰੌਤੀ ਦੀ ਮੰਗ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਅੱਗੇ ਦੱਸਿਆ ਕਿ ਪੁਲਿਸ ਜਾਂਚ ਅਨੁਸਾਰ ਦੋਸ਼ੀਆਂ ਨੇ ਪਹਿਲਾਂ ਪੂਰੀ ਰੇਕੀ ਕੀਤੀ ਅਤੇ ਫਿਰ ਯੋਜਨਾਬੱਧ ਢੰਗ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਵਿੱਚ ਗੁਰਵਿੰਦਰ ਸਿੰਘ ਉਰਫ਼ ਗੋਲਡੀ ਵਾਸੀ ਗੁਰੂ ਤੇਗ ਬਹਾਦਰ ਨਗਰ ਲਲਹੇੜੀ ਰੋਡ ਖੰਨਾ ਅਤੇ ਗੌਰਵ ਉਰਫ਼ ਗੋਲਾ ਵਾਸੀ ਅੰਮ੍ਰਿਤਸਰ ਨੇ ਵੀ ਭੂਮਿਕਾ ਨਿਭਾਈ। ਰੇਕੀ ਦੌਰਾਨ ਗੁਰਵਿੰਦਰ ਸਿੰਘ ਉਰਫ਼ ਗੋਲਡੀ ਵੱਲੋਂ ਆਪਣੀ ਆਰਟਿਕਾ ਕਾਰ ਦੀ ਵਰਤੋਂ ਕੀਤੀ ਗਈ।
ਵਾਰਦਾਤ ਤੋਂ ਪਹਿਲਾਂ ਸਾਰੇ ਦੋਸ਼ੀਆਂ ਨੇ ਓਮੇਸ਼ ਕੁਮਾਰ ਦੇ ਘਰ ਸਾਹਨੇਵਾਲ ਵਿਖੇ ਬੈਠ ਕੇ ਸ਼ਗਨਪ੍ਰੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ, ਜਿੱਥੇ ਉਮੇਸ਼ ਕੁਮਾਰ ਦਾ ਛੋਟਾ ਭਰਾ ਲਕਸ਼ ਵੀ ਮੌਜੂਦ ਸੀ। ਇਸ ਤੋਂ ਬਾਅਦ ਯੋਜਨਾ ਮੁਤਾਬਕ ਦੋਸ਼ੀਆਂ ਨੇ ਪਾਇਲ ਦੀ ਦਾਣਾ ਮੰਡੀ ਵਿੱਚ ਆੜਤ ਦੀ ਦੁਕਾਨ ‘ਤੇ ਫਾਇਰਿੰਗ ਕੀਤੀ।
ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਫਿਲਹਾਲ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਕੇਸ 'ਚ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਸਰਾਏ ਵਾਸੀ ਪਿੰਡ ਚੜ੍ਹੀ (ਫਤਹਿਗੜ੍ਹ ਸਾਹਿਬ) ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਖੰਨਾ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਨੇ ਅਪਰਾਧੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ ਅਤੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਵਧੀ ਹੈ। ਦੂਜੇ ਪਾਸੇ, ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਣ ਵਾਲੀ ਨਹੀਂ ਹੈ ਅਤੇ ਅਪਰਾਧ ਦੇ ਖ਼ਾਤਮੇ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣਾ ਸਭ ਤੋਂ ਵੱਡੀ ਤਰਜੀਹ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਸਾਂਝੀ ਕਰਨ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਜੇਕਰ ਕਿਸੇ ਨੂੰ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ।
Ssp-Khanna-Dr-Darpan-Ahluwalia-Ips-