ਪੰਜਾਬ ’ਚ ਈ ਡੀ ਦੀ ਵੱਡੀ ਕਾਰਵਾਈ: ਮੋਹਾਲੀ ਤੇ ਪਟਿਆਲਾ ’ਚ ਛਾਪੇਮਾਰੀ
Sep16,2026
| Gurvinder Singh | Mohali
ਮੋਹਾਲੀ, 16 ਸਤੰਬਰ
ਗੁਰਵਿੰਦਰ ਸਿੰਘ
ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਬੁੱਧਵਾਰ ਨੂੰ ਪੰਜਾਬ ਦੇ ਮੋਹਾਲੀ ਅਤੇ ਪਟਿਆਲਾ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਮੋਹਾਲੀ ਵਿੱਚ ਈ ਡੀ ਦੀ ਟੀਮ ਨੇ ਆਈਟੀ ਸਿਟੀ, ਸੈਕਟਰ-82ਏ ਸਥਿਤ ਪਲਾਟ ਨੰਬਰ 2010 ’ਤੇ ਕਾਰਵਾਈ ਕੀਤੀ ਅਤੇ ਉੱਥੇ ਮੌਜੂਦ ਦਸਤਾਵੇਜ਼ਾਂ ਤੇ ਹੋਰ ਰਿਕਾਰਡ ਦੀ ਜਾਂਚ ਕੀਤੀ। ਰਿਪੋਰਟਾਂ ਮੁਤਾਬਕ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਦੀ ਕਮਰਸ਼ੀਅਲ ਮਾਰਕੀਟ ਵਿੱਚ ਸ਼ੋਅਰੂਮ ਨੰਬਰ 8, 9 ਅਤੇ 10 ’ਤੇ ਵੀ ਈ ਡੀ ਵੱਲੋਂ ਤਲਾਸ਼ੀ ਲਈ ਗਈ। ਇਨ੍ਹਾਂ ਥਾਵਾਂ ਨੂੰ Flying Feathers ਅਤੇ DM Web Based Solutions ਨਾਲ ਜੋੜਿਆ ਜਾ ਰਿਹਾ ਹੈ। ਜਾਂਚ ਦੌਰਾਨ ਦਸਤਾਵੇਜ਼ਾਂ, ਕੰਪਿਊਟਰ ਡਾਟਾ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਢਲੀਆਂ ਰਿਪੋਰਟਾਂ ਅਨੁਸਾਰ ਈ ਡੀ ਦੀ ਇਹ ਕਾਰਵਾਈ ਕਥਿਤ ਫਰਜ਼ੀ ਕਾਲ ਸੈਂਟਰਾਂ, ਸਾਈਬਰ ਫਰਾਡ ਅਤੇ ਸ਼ੱਕੀ ਵਿੱਤੀ ਲੈਣ-ਦੇਣ ਨਾਲ ਜੁੜੀ ਜਾਂਚ ਦਾ ਹਿੱਸਾ ਦੱਸੀ ਜਾ ਰਹੀ ਹੈ। ਹਾਲਾਂਕਿ ਮੁਹਾਲੀ ਵਾਲੀ ਕਾਰਵਾਈ ਦੇ ਸਬੰਧ ਵਿੱਚ ਈ ਡੀ ਵੱਲੋਂ ਹਾਲੇ ਤੱਕ ਪੂਰਾ ਅਧਿਕਾਰਤ ਵੇਰਵਾ ਜਾਰੀ ਨਹੀਂ ਕੀਤਾ ਗਿਆ।
ਕੁਝ ਰਾਜਨੀਤਿਕ ਆਗੂਆਂ ਵੱਲੋਂ ਇਸ ਕਾਰਵਾਈ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨਾਲ ਜੋੜੇ ਜਾਣ ਦੇ ਦਾਅਵੇ ਵੀ ਕੀਤੇ ਗਏ ਹਨ, ਪਰ ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ। ਈ ਡੀ ਦੀ ਜਾਂਚ ਪੂਰੀ ਹੋਣ ਅਤੇ ਏਜੰਸੀ ਵੱਲੋਂ ਅਧਿਕਾਰਤ ਜਾਣਕਾਰੀ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਮਾਮਲੇ ਵਿੱਚ ਕਿਹੜੇ ਵਿਅਕਤੀ ਜਾਂ ਸੰਸਥਾਵਾਂ ਜਾਂਚ ਦੇ ਘੇਰੇ ਵਿੱਚ ਹਨ ਅਤੇ ਕੀ ਕੁਝ ਬਰਾਮਦ ਜਾਂ ਜ਼ਬਤ ਕੀਤਾ ਗਿਆ ਹੈ।
-edraid-mohali-patiala-edinvestigation-cyberfraud