ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ
Aug31,2026
| Gurvinder Singh Mohali | Chandigarh
ਚੰਡੀਗੜ੍ਹ 31 ਅਗਸਤ
ਗੁਰਵਿੰਦਰ ਸਿੰਘ
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜ ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕੀਤੇ ਜਾਣ ਦੇ ਹੁਕਮ ਸੁਣਾਏ ਹਨ। ਇਸ ਮਾਮਲਾ ਤਰਨ ਤਾਰਨ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਵਿਰੁੱਧ ਕਥਿਤ ਤੌਰ ਤੇ ਮੰਦੀ ਸ਼ਬਦਾਵਲੀ ਵਰਤਣ ਬਾਰੇ ਹੈ।
ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਖ਼ਿਲਾਫ਼ ਕਥਿਤ ਤੌਰ ਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨ ਦੀ ਗੰਲ ਸਾਮ੍ਹਣੇ ਆਈ ਸੀ।
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਵਲੋਂ ਅੱਜ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ। ਇਸ ਮੌਕੇ ਪੰਜਾਬ ਪੁਲੀਸ ਤਰਫ਼ੋਂ ਡੀ ਐਸ ਪੀ ਹਰਪ੍ਰੀਤ ਸਿੰਘ ਅਤੇ ਡੀ ਐਸ ਪੀ (ਈ ਓ ਅਤੇ ਸਾਈਬਰ ਕ੍ਰਾਈਮ) ਗੁਲਜ਼ਾਰ ਸਿੰਘ ਪੇਸ਼ ਹੋਏ। ਇਸ ਮੌਕੇ ਪਟੀਸ਼ਨਰ ਸਰਬਜੋਤ ਸਿੰਘ (ਜੋ ਕਿ ਮਰਹੂਮ ਬੂਟਾ ਸਿੰਘ ਦੇ ਸਪੁੱਤਰ ਹਨ) ਵੀ ਹਾਜ਼ਰ ਸਨ। ਕੌਮੀ ਕਮਿਸ਼ਨ ਨੇ ਪੰਜਾਬ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੇ ਉਂਗਲ ਉਠਾਈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਐਕਸ਼ਨ ਟੇਕਨ ਰਿਪੋਰਟ ਸੌਂਪਣ ਵਿੱਚ ਹੋ ਰਹੀ ਦੇਰੀ ਤੇ ਚਿੰਤਾ ਪ੍ਰਗਟਾਈ। ਕਮਿਸ਼ਨ ਨੇ 5 ਮਈ 2026 ਨੂੰ ਹੋਈ ਸੁਣਵਾਈ ਦੌਰਾਨ ਨਿਯਮਾਂ ਅਨੁਸਾਰ ਤੈਅ ਸਮੇਂ ਦੇ ਅੰਦਰ ਜਾਂਚ ਪੂਰੀ ਕਰਨ ਦੀ ਸਿਫ਼ਾਰਸ਼ ਕੀਤੀ ਸੀ ।
ਕਮਿਸ਼ਨ ਨੇ ਪਟੀਸ਼ਨਰ ਸਰਬਜੋਤ ਸਿੰਘ ਵਲੋਂ ਉਨ੍ਹਾਂ ਨੂੰ ਕਥਿਤ ਮੁਲਜ਼ਮਾਂ ਵੱਲੋਂ ਮਿਲ ਰਹੀਆਂ ਧਮਕੀਆਂ ਦੀ ਸ਼ਿਕਾਇਤ ਦਾ ਨੋਟਿਸ ਲੈਦਿਆਂ ਉਹਨਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਾਉਣ ਦੇ ਹੁਕਮ ਵੀ ਜਾਰੀ ਕੀਤੇ ਹਨ। ਇਸ ਤੋਂ ਇਲਾਵਾ 30 ਦਿਨਾਂ ਦੇ ਅੰਦਰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਕੌਮੀ ਕਮਿਸ਼ਨ ਨੇ ਸਬੰਧਿਤ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਜ਼ਰੂਰੀ ਕਦਮ ਚੁੱਕਣ ਅਤੇ 5 ਦਿਨਾਂ ਦੇ ਅੰਦਰ ਇਸ ਕਾਰਵਾਈ ਦੀ ਸਥਿਤੀ ਕਮਿਸ਼ਨ ਨੂੰ ਸੌਂਪਣ ਦੀ ਸਿਫ਼ਾਰਸ਼ ਕੀਤੀ ਹੈ। ਕਮਿਸ਼ਨ ਨੇ ਜਾਂਚ ਜਲਦੀ ਤੋਂ ਜਲਦੀ ਪੂਰੀ ਕਰਨ ਤੋਂ ਇਲਾਵਾ ਬਿਨਾਂ ਕਿਸੇ ਦੇਰੀ ਦੇ ਸਮਰੱਥ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਚੇਅਰਮੈਨ ਨੇ ਜਾਂਚ ਤੇ ਗ੍ਰਿਫ਼ਤਾਰੀ ਵਿੱਚ ਹੋਈ ਦੇਰੀ ਲਈ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਵੀ ਸਿਫ਼ਾਰਸ਼ ਕੀਤੀ ਹੈ। ਜੇਕਰ ਸਬੰਧਿਤ ਜਾਂਚ ਅਧਿਕਾਰੀ ਵੱਲੋਂ ਡਿਊਟੀ ਵਿੱਚ ਕੋਈ ਲਾਪਰਵਾਹੀ ਪਾਈ ਜਾਂਦੀ ਹੈ, ਤਾਂ ਕਾਨੂੰਨ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ।
-rajawarring-punjabcongress-nationalcommissionforscheduledcastes-punjabpolice-tarntaran-punjabpolitics