‘ਗਮਾਡਾ ਭ੍ਰਿਸ਼ਟਾਚਾਰ ਦਾ ਅੱਡਾ, ਰਿਸ਼ਵਤਖੋਰਾਂ ਨੂੰ ਛੋਟ ਤੇ ਗਰੀਬਾਂ ’ਤੇ ਚੱਲ ਰਿਹਾ ਪੀਲਾ ਪੰਜਾ’: ਕੰਗ
Aug26,2026
| Gurvinder Singh Mohali | Mohali
ਚੋਣਵੀਂ ਤੋੜ-ਭੰਨ ’ਤੇ ਭੜਕੇ ‘ਆਪ’ ਸੰਸਦ ਮੈਂਬਰ; CM ਤੋਂ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ, ਵੀਰਵਾਰ ਨੂੰ ਰੋਸ ਪ੍ਰਦਰਸ਼ਨ ਦੀ ਚੇਤਾਵਨੀ
ਮੋਹਾਲੀ, 26 ਅਗਸਤ | ਗੁਰਵਿੰਦਰ ਸਿੰਘ
ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਗਮਾਡਾ ਨੂੰ “ਭ੍ਰਿਸ਼ਟਾਚਾਰ ਦਾ ਅੱਡਾ” ਕਰਾਰ ਦਿੰਦਿਆਂ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਮੋਹਾਲੀ ਦੇ ਪਿੰਡ ਸੈਣੀ ਮਾਜਰਾ ਵਿੱਚ ਗਮਾਡਾ ਵੱਲੋਂ ਕੀਤੀ ਗਈ ਕਥਿਤ ਚੋਣਵੀਂ ਤੋੜ-ਭੰਨ ’ਤੇ ਪ੍ਰਤੀਕਿਰਿਆ ਦਿੰਦਿਆਂ ਕੰਗ ਨੇ ਅਧਿਕਾਰੀਆਂ ਦੀ ਕਾਰਵਾਈ ’ਤੇ ਗੰਭੀਰ ਸਵਾਲ ਚੁੱਕੇ।
ਕੰਗ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਦੇ ਕਈ ਫ਼ੋਨ ਆਏ ਸਨ ਕਿ ਦੁਕਾਨਾਂ ’ਤੇ ਕਾਰਵਾਈ ਚੋਣਵੇਂ ਢੰਗ ਨਾਲ ਕੀਤੀ ਗਈ। ਉਨ੍ਹਾਂ ਗਮਾਡਾ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਬਜ਼ੇ ਨਾਜਾਇਜ਼ ਹਨ ਤਾਂ ਸਾਰਿਆਂ ਖ਼ਿਲਾਫ਼ ਬਰਾਬਰ ਕਾਰਵਾਈ ਹੋਵੇ, ਨਹੀਂ ਤਾਂ ਚਿਤਾਵਨੀ ਦੇ ਕੇ ਛੱਡਿਆ ਜਾਵੇ।
ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ “ਜਿਹੜੇ ਦੁਕਾਨਦਾਰ ਪੈਸੇ ਦਿੰਦੇ ਹਨ, ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਜਿਹੜੇ ਨਹੀਂ ਦਿੰਦੇ, ਉਨ੍ਹਾਂ ਦੀਆਂ ਦੁਕਾਨਾਂ ਤੋੜ ਦਿੱਤੀਆਂ ਜਾਂਦੀਆਂ ਹਨ।” ਉਨ੍ਹਾਂ ਕਿਹਾ ਕਿ ਇਹ ਗਰੀਬ ਲੋਕ ਹਨ, ਜੋ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਦੁਕਾਨਾਂ ’ਤੇ ਹੀ ‘ਪੀਲਾ ਪੰਜਾ’ ਚਲਾਇਆ ਜਾ ਰਿਹਾ ਹੈ।
ਕੰਗ ਨੇ ਮੁੱਖ ਮੰਤਰੀ ਤੋਂ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਗਮਾਡਾ ਵਿੱਚ ਵਧ ਰਹੇ ਭ੍ਰਿਸ਼ਟਾਚਾਰ ’ਤੇ ਰੋਕ ਲਗਾਉਣ ਅਤੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਵੀਰਵਾਰ ਨੂੰ ਉਹ ਗਮਾਡਾ ਅਧਿਕਾਰੀਆਂ ਵਿਰੁੱਧ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨਗੇ।
ਕੰਗ ਮੁਤਾਬਕ ਉਨ੍ਹਾਂ ਨੇ ਦੇਰ ਰਾਤ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਨਾਲ ਵੀ ਗੱਲ ਕਰਕੇ ਇਸ ਮਾਮਲੇ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਗਰੀਬ ਲੋਕਾਂ ’ਤੇ ਹੋ ਰਹੇ ਇਸ ਕਥਿਤ ਜ਼ੁਲਮ ਨੂੰ ਰੋਕਣ ਅਤੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ।
ਇਹ ਪਹਿਲੀ ਵਾਰ ਨਹੀਂ ਜਦੋਂ ਕੰਗ ਨੇ ਆਪਣੀ ਹੀ ਸਰਕਾਰ ਜਾਂ ਪਾਰਟੀ ਨਾਲ ਜੁੜੇ ਮੁੱਦਿਆਂ ’ਤੇ ਖੁੱਲ੍ਹ ਕੇ ਸਵਾਲ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹ ਕਿਸਾਨਾਂ ’ਤੇ ਪੁਲੀਸ ਕਾਰਵਾਈ, ਗੈਰ-ਕਾਨੂੰਨੀ ਰੇਤ ਮਾਈਨਿੰਗ ਅਤੇ ਲੈਂਡ ਪੂਲਿੰਗ ਨੀਤੀ ਵਰਗੇ ਮੁੱਦਿਆਂ ’ਤੇ ਆਪਣੀ ਰਾਏ ਜ਼ਾਹਿਰ ਕਰ ਚੁੱਕੇ ਹਨ।
-malwindersinghkang-gmada-mohalinews-aappunjab-punjabpolitics-corruption-sainimajra