ਵਿਧਾਨ ਸਭਾ ਹਲਕਾ ਪੱਛਮੀ ਦੇ ਕਾਂਗਰਸੀ ਕੌਂਸਲਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਸਲਾਹ
ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਕੌਂਸਲਰ ਪਤੀ ਅਤੇ ਬਲਾਕ ਕਾਂਗਰਸ ਪ੍ਰਧਾਨ ਸ੍ਰ ਇੰਦਰਜੀਤ ਸਿੰਘ ਇੰਦੀ ਤੇ ਸਿਆਸੀ ਸ਼ਹਿ ਤੇ ਮੁੜ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕੌਂਸਲਰ ਮਹਾਰਾਜ ਸਿੰਘ ਰਾਜੀ, ਸੰਨੀ ਭੱਲਾ, ਪੰਕਜ ਕਾਕਾ, ਦਾਰਾ ਬੱਬਰ, ਦਿਲਰਾਜ ਸਿੰਘ, ਪੂਨਮ ਮਲਹੋਤਰਾ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪੱਛਮੀ ਦੇ ਸਾਰੇ ਕਾਂਗਰਸੀ ਕੌਂਸਲਰਾਂ ਦਾ ਮੁੱਖ ਏਜੰਡਾ ਵਿਕਾਸ ਦਾ ਰਿਹਾ ਹੈ ਅਤੇ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਵਿਕਾਸ ਦੇ ਨਾਮ ਤੇ ਸਿਆਸਤ ਕਰਨ ਨੂੰ ਪਹਿਲ ਨਹੀਂ ਦਿੱਤੀ। ਉਨ੍ਹਾਂ ਕਿਹਾ ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਸੰਜੀਵ ਅਰੋੜਾ ਜੌ ਕਿ ਇਸੇ ਵਿਧਾਨ ਸਭ ਹਲਕਾ ਨਾਲ ਸਬੰਧਤ ਹਨ ਕੋਝੀਆਂ ਹਰਕਤਾਂ ਤੇ ਉੱਤਰਦੇ ਹੋਏ ਕਾਂਗਰਸੀਆਂ ਤੇ ਕਥਿਤ ਝੂਠੇ ਪਰਚੇ ਕਰਵਾਉਣ ਲਗੇ ਹੋਏ ਹਨ। ਉਨ੍ਹਾਂ ਮੰਤਰੀ ਸਾਹਿਬ ਨੂੰ ਸਲਾਹ ਦਿੱਤੀ ਕਿ ਹਲਕੇ ਦੇ ਵੋਟਰਾਂ ਨੇ ਆਪਾਂ ਨੂੰ ਪਰਚਿਆਂ ਦੇ ਤਮਾਸ਼ੇ ਦੇਖਣ ਲਈ ਨਹੀਂ ਚੁਣਿਆ। ਇਸ ਲਈ ਜੌ ਥੋੜਾ ਬਹੁਤ ਸਰਕਾਰ ਦਾ ਸਮਾਂ ਬਚਿਆ ਹੈ ਉਸ ਨੂੰ ਸ਼ੀ ਪਾਸੇ ਵਰਤਦੇ ਹੋਏ ਵਿਕਾਸ ਦੇ ਕੰਮਾਂ ਵੱਲ ਧਿਆਨ ਦੇਈਏ। ਉਨ੍ਹਾਂ ਹੋਰ ਕਿਹਾ ਕਿ ਆਪ ਸਰਕਾਰ ਦੇ ਬਣਨ ਉਪਰੰਤ ਵਿਧਾਨ ਸਭ ਹਲਕਾ ਪੱਛਮੀ ਦੇ ਵਿਕਾਸ ਵਿੱਚ ਖੜੋਤ ਜਿਹੀ ਆ ਗਈ ਹੈ, ਸ਼੍ਰੀ ਭਾਰਤ ਭੂਸ਼ਣ ਆਸ਼ੂ ਦੇ ਮੰਤਰੀ ਹੁੰਦੇ ਹੋਏ ਹਲਕੇ ਦਾ ਸਰਬਪੱਖੀ ਵਿਕਾਸ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਹੋਰ ਕੋਈ ਨਵਾਂ ਵਿਕਾਸ ਨਹੀਂ ਕਰਵਾ ਸਕਦੇ ਤਾਂ ਪਿਛਲੇ ਕਿਤੇ ਗਏ ਵਿਕਾਸ ਜਿਵੇਂ ਲਈਆਰ ਵੈਲੀਆ, ਪੁੱਲਾਂ, ਸੜਕਾਂ ਆਦਿ ਦਾ ਧਿਆਨ ਹੀ ਰੱਖ ਲਈਏ। ਉਨ੍ਹਾਂ ਮੰਤਰੀ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਨਵੇਂ ਵਿਕਾਸ ਲਈ ਫੋਕਸ ਦੀ ਲੋੜ ਹੁੰਦੀ ਹੈ, ਪਰ ਇਨ੍ਹਾਂ ਦਾ ਫੋਕਸ ਕਾਂਗਰਸੀਆਂ ਤੇ ਪਰਚੇ ਕਰਵਾਉਣ ਵੱਲ ਜਿਆਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਸਿਆਸੀ ਲੜਾਈ ਨੂੰ ਨਿੱਜੀ ਨਾ ਬਣਾਇਆ ਜਾਵੇ, ਕਿਉ ਕਿ ਸਰਕਾਰ ਦੇ ਸਿਰਫ ਚੰਦ ਮਹੀਨੇ ਹੀ ਰਹਿ ਗਏ ਹਨ। ਫਿਰ ਭੱਜਦਿਆਂ ਨੂੰ ਵਾਹਣ ਬਰਾਬਰ ਮਿਲਣਗੇ।