ਸੁਖਬੀਰ ਸਿੰਘ ਬਾਦਲ ਨੇ ਮਥੁਰਾ ਕਿਸ਼ਤੀ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ
Apr16,2026
| Rajesh Jain / Bhagwan Bhangu | Jagraon (ludhiana)
ਜ਼ੋਰ ਦੇ ਕੇ ਕਿਹਾ ਕਿ ਸ਼ਰਧਾਲੂਆਂ ਸਮੇਤ ਕਿਸ਼ਤੀਆਂ ਵਿਚ ਸਫਰ ਕਰਨ ਵਾਲਿਆਂ ਨੂੰ ਜੀਵਨ ਰੱਖਿਅਕ ਜੈਕਟਾਂ ਦੇਣੀਆਂ ਜ਼ਰੂਰੀ
ਲੁਧਿਆਣਾ/ਜਗਰਾਓਂ, 16 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮਥੁਰਾ ਕਿਸ਼ਤੀ ਹਾਦਸੇ ਵਿਚ ਮਾਰੇ ਗਏ ਇਸ ਸ਼ਹਿਰ ਅਤੇ ਜਗਰਾਓਂ ਦੇ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਥੇ ਡੁੱਗਰੀ ਵਿਖੇ ਅਰਬਨ ਅਸਟੇਟ ਵਿਚ ਗੁਲਾਟੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਕਿਸ਼ਤੀ ਹਾਦਸੇ ਵਿਚ ਇੰਨੇ ਸਾਰੇ ਨੌਜਵਾਨ ਮੌਤ ਦਾ ਸ਼ਿਕਾਰ ਹੋਏ ਹਨ ਕਿਉਂਕਿ ਉਥੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਹੀਂ ਸਨ। ਉਹਨਾਂ ਕਿਹਾ ਕਿ ਉਹ ਇਹ ਮਸਲਾ ਢੁਕਵੇਂ ਫੋਰਮਾਂ ’ਤੇ ਚੁੱਕਣਗੇ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕਿਸ਼ਤੀ ਵਿਚ ਸਵਾਰ ਹੋਣ ਵਾਲੇ ਇਹ ਜੀਵਨ ਰੱਖਿਅਕ ਜੈਕਟਾਂ ਜ਼ਰੂਰ ਪ੍ਰਦਾਨ ਕੀਤੀਆਂ ਜਾਣ। ਉਹਨਾਂ ਕਿਹਾ ਕਿ ਧਾਰਮਿਕ ਯਾਤਰਾ ਸਮੇਤ ਕਿਸ਼ਤੀਆਂ ’ਤੇ ਸਫਰ ਵੇਲੇ ਇਹ ਜੀਵਨ ਰੱਖਿਅਕ ਜੈਕਟਾਂ ਪ੍ਰਦਾਨ ਕਰਨੀਆਂ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ।
ਉਹਨਾਂ ਨੇ ਮ੍ਰਿਤਕ ਰਾਕੇਸ਼ ਗੁਲਾਟੀ, ਉਹਨਾਂ ਦੀ ਪਤਨੀ ਅੰਜੂ ਗੁਲਾਟੀ, ਮੀਨੂੰ ਬਾਂਸਲ ਤੇ ਉਹਨਾਂ ਦੀ ਧੀ ਡਿੰਕੀ ਬਾਂਸਲ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ।
ਅਕਾਲੀ ਦਲ ਦੇ ਪ੍ਰਧਾਨ ਨੇ ਜਗਰਾਓਂ ਵਿਖੇ ਵੀ ਕਿਸ਼ਤੀ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਨੇ ਇਸ਼ਾਨ ਕਟਾਰੀਆ, ਚਰਨਜੀਤ ਸਿੰਘ ਕਾਲਾ ਬਹਿਲ, ਚੰਦਨ ਬਹਿਲ, ਕਵਿਤਾ ਬਹਿਲ, ਮਧੁਰ ਬਹਿਲ ਤੇ ਰਿਸ਼ਬ ਸ਼ਰਮਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ।
ਇਸ ਮੌਕੇ ਸਰਦਾਰ ਬਾਦਲ ਦੇ ਨਾਲ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਭੁਪਿੰਦਰ ਸਿੰਘ ਭਿੰਦਾ, ਜਗਬੀਰ ਸਿੰਘ ਸੋਖੀ, ਪਰਉਪਕਾਰ ਸਿੰਘ ਘੁੰਮਣ, ਜਸਕਰਨ ਦਿਓਲ ਲੁਧਿਆਣਾ ਵਿਖੇ ਅਤੇ ਐਸ ਆਰ ਕਲੇਰ, ਚੰਦ ਸਿੰਘ ਡੱਲਾ, ਗੁਰਚਰਨ ਸਿੰਘ ਗਰੇਵਾਲ ਅਤੇ ਹਰਪ੍ਰੀਤ ਸਿੰਘ ਸਿਮਕ ਜਗਰਾਓਂ ਵਿਖੇ ਹਾਜ਼ਰ ਸਨ।
प्रेस विज्ञप्ति
Sukhbir-S-Badal-Visits-Bereaved-Families-Of-The-Mathura-Boat-Tragedy