ਜੈਤੋ, 20 ਅਪ੍ਰੈਲ (ਮਨਜੀਤ ਸਿੰਘ ਢੱਲਾ) : ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਜੈਤੋ ਵਿੱਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਸਟੇਸ਼ਨ ਜੈਤੋ ਵਿੱਚ ਤਾਇਨਾਤ ਏਐਸਆਈ ਹਰਪਾਲ ਸਿੰਘ ਨੂੰ 73,500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਕਾਰਵਾਈ ਟਿੱਬੀ ਸਾਹਿਬ ਰੋਡ, ਜੈਤੋ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪਤੀ ਲਖਵੀਰ ਸਿੰਘ ਉਰਫ਼ ਲੱਕੀ ਅਤੇ ਸੱਸ ਜਸਵੀਰ ਕੌਰ ਨੂੰ ਕੁਝ ਦਿਨ ਪਹਿਲਾਂ ਜੈਤੋ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਦੋਸ਼ ਹੈ ਕਿ ਕੇਸ ਦੀ ਜਾਂਚ ਕਰ ਰਹੇ ਏਐਸਆਈ ਹਰਪਾਲ ਸਿੰਘ ਨੇ ਗੁਰਪ੍ਰੀਤ ਕੌਰ ਨੂੰ ਵੀ ਮਾਮਲੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਇਸ ਦੇ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਮੰਗੀ। ਦਬਾਅ ਅਤੇ ਧਮਕੀਆਂ ਤੋਂ ਤੰਗ ਆ ਕੇ ਗੁਰਪ੍ਰੀਤ ਕੌਰ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਦੀ ਜਾਂਚ ਤੋਂ ਬਾਅਦ ਐਸਐਸਪੀ ਵਿਜੀਲੈਂਸ ਫਿਰੋਜ਼ਪੁਰ ਜਗਤਪ੍ਰੀਤ ਸਿੰਘ ਦੇ ਨਿਰਦੇਸ਼ਾਂ ‘ਤੇ ਡੀਐਸਪੀ ਵਿਜੀਲੈਂਸ ਫਰੀਦਕੋਟ ਵਿਨੋਦ ਕੁਮਾਰ ਅਤੇ ਇੰਸਪੈਕਟਰ ਸੰਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੇ ਜਾਲ ਵਿਛਾਇਆ। ਕਾਰਵਾਈ ਦੌਰਾਨ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਏਐਸਆਈ ਹਰਪਾਲ ਸਿੰਘ ਨੂੰ 33,500 ਰੁਪਏ ਦੀ ਦੂਜੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਡੀਐਸਪੀ ਵਿਜੀਲੈਂਸ ਅਨੁਸਾਰ ਦੋਸ਼ੀ ਪਹਿਲਾਂ ਹੀ 40,000 ਰੁਪਏ ਦੀ ਰਕਮ ਵਜੋਂ ਇੱਕ ਕਿਸ਼ਤ ਲੈ ਚੁੱਕਾ ਸੀ। ਇਸ ਤਰ੍ਹਾਂ ਕੁੱਲ 73,500 ਰੁਪਏ ਦੀ ਰਿਸ਼ਵਤ ਦੀ ਪੁਸ਼ਟੀ ਹੋਈ ਹੈ।
ਵਿਜੀਲੈਂਸ ਬਿਊਰੋ ਨੇ ਦੋਸ਼ੀ ਏਐਸਆਈ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।