*ਨਿਊ ਚੰਡੀਗੜ੍ਹ ਸਟੇਡੀਅਮ ਵਿਖੇ ਪੰਜਾਬ ਦੇ ਮਹਾਨ ਕ੍ਰਿਕਟਰਾਂ ਦੀ “ਵਾਲ ਆਫ ਫੇਮ” ਬਣਾਈ*
Jun9,2026
| Jagrati Lahar Bureau | New Chandigarh
*ਬੀ.ਸੀ.ਸੀ.ਆਈ. ਪ੍ਰਧਾਨ ਮਿਥੁਨ ਮਨਹਾਸ ਅਤੇ ਪੀ.ਸੀ.ਏ. ਸਕੱਤਰ ਮੀਤ ਹੇਅਰ ਵੱਲੋਂ ਕੀਤਾ ਗਿਆ ਉਦਘਾਟਨ*
ਨਿਊ ਚੰਡੀਗੜ੍ਹ, 9 ਜੂਨ:
ਬੀ.ਸੀ.ਸੀ.ਆਈ. ਪ੍ਰਧਾਨ ਮਿਥੁਨ ਮਨਹਾਸ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਲਾਂਪੁਰ ਦੇ ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿਖੇ “ਵਾਲ ਆਫ਼ ਫੇਮ” ਦੇ ਰੂਪ ਵਿੱਚ ਇੱਕ ਵਿਲੱਖਣ ਪਹਿਲਕਦਮੀ ਦੀ ਸ਼ੁਰੂਆਤ ਕੀਤੀ।
ਮੀਤ ਹੇਅਰ ਨੇ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਪੰਜਾਬ ਕ੍ਰਿਕਟ ਦੇ 33 ਚਮਕਦੇ ਸਿਤਾਰਿਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਨੇ ਦੇਸ਼ ਦੇ ਨਾਲ-ਨਾਲ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹਨਾਂ ਤਸਵੀਰਾਂ ਵਿੱਚ ਇੱਕ ਰੋਜ਼ਾ ਅਤੇ ਟੀ-20 ਵਿਸ਼ਵ ਕੱਪ ਵਿੱਚ ਖਿਤਾਬ ਜਿੱਤਣ ਦੇ ਪਲਾਂ ਨਾਲ ਸਬੰਧਤ ਗਰੁੱਪ ਫੋਟੋਆਂ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪੁਰਸ਼ ਅਤੇ ਮਹਿਲਾ ਭਾਰਤੀ ਕ੍ਰਿਕਟ ਟੀਮ ਨੇ 3 ਇੱਕ ਰੋਜ਼ਾ (2 ਪੁਰਸ਼ ਅਤੇ 1 ਮਹਿਲਾ) ਵਿਸ਼ਵ ਕੱਪ ਦੇ ਨਾਲ-ਨਾਲ 3 ਟੀ-20 ਵਿਸ਼ਵ ਕੱਪ (2007, 2024 ਅਤੇ 2026 ਵਿੱਚ) ਜਿੱਤੇ ਹਨ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਯੁਵਰਾਜ ਸਿੰਘ, ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਕੌਰ (ਮਹਿਲਾ ਟੀਮ ਦੀ ਕਪਤਾਨ) ਵਰਗੇ ਖਿਡਾਰੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।
ਇੰਨਾ ਹੀ ਨਹੀਂ, 1992-93 ਸੀਜ਼ਨ ਵਿੱਚ ਰਣਜੀ ਟਰਾਫੀ ਜਿੱਤਣ ਵਾਲੀ ਪੰਜਾਬ ਕ੍ਰਿਕਟ ਟੀਮ ਅਤੇ 2022-23 ਦੀ ਸਈਅਦ ਮੁਸ਼ਤਾਕ ਅਲੀ ਟਰਾਫੀ ਜੇਤੂ ਟੀਮ ਦੇ ਸ਼ਾਨਦਾਰ ਪਲਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਜਿਸ ਨਾਲ ਪੰਜਾਬ ਦੇ ਕ੍ਰਿਕਟ ਇਤਿਹਾਸ ਦੀਆਂ ਸੁਨਹਿਰੀ ਯਾਦਾਂ ਨੂੰ ਮੁੜ ਤਾਜ਼ਾ ਕੀਤਾ ਗਿਆ ਹੈ।
ਇਹਨਾਂ ਤਸਵੀਰਾਂ ਵਿੱਚ ਮਹਿਲਾ ਕ੍ਰਿਕਟਰਾਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਜਿਨ੍ਹਾਂ ਨੇ ਕ੍ਰਿਕਟ ਜਗਤ ਵਿੱਚ ਪੰਜਾਬ ਦਾ ਨਾਂ ਚਮਕਾਇਆ ਹੈ।
ਮੀਤ ਹੇਅਰ ਨੇ ਕਿਹਾ ਕਿ ਉਹ ਪੰਜਾਬ ਦੇ ਕ੍ਰਿਕਟਰਾਂ ਦੀਆਂ ਪ੍ਰਾਪਤੀਆਂ 'ਤੇ ਬਹੁਤ ਖੁਸ਼ ਹਨ ਅਤੇ ਬੇਹੱਦ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਵਾਲ ਆਫ਼ ਫੇਮ ਇਹ ਯਕੀਨੀ ਬਣਾਉਂਦੀ ਹੈ ਕਿ ਦੇਸ਼ ਲਈ ਖੇਡਾਂ ਵਿੱਚ ਪੰਜਾਬ ਦੀ ਸੁਨਹਿਰੀ ਵਿਰਾਸਤ ਅਤੇ ਯੋਗਦਾਨ ਹਮੇਸ਼ਾ ਲਈ ਜੀਵੰਤ ਰਹੇ ਅਤੇ ਲੋਕਾਂ ਦੇ ਮਨਾਂ ਵਿੱਚ ਸਦੀਵੀ ਤੌਰ ‘ਤੇ ਵਸਿਆ ਰਹੇ।
ਬੀ.ਸੀ.ਸੀ.ਆਈ. ਪ੍ਰਧਾਨ ਮਿਥੁਨ ਮਨਹਾਸ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਇਸਨੂੰ ਖੇਡ ਇਤਿਹਾਸ ਲਈ ਮਾਣਮੱਤਾ ਪਲ ਦੱਸਿਆ।
ਇਸ ਮੌਕੇ ਪੀ.ਸੀ.ਏ. ਦੇ ਜੁਆਇੰਟ ਸਕੱਤਰ ਸਿਧਾਂਤ ਸ਼ਰਮਾ ਵੀ ਮੌਜੂਦ ਸਨ।
—-
Wall-Of-Fame-Rises-In-New-Chandigarh-Stadium-Punjab-s-Cricketing-Glory-Immortalized-In-Gold