ਮੋਹਾਲੀ ਪੁਲੀਸ ਵਲੋਂ ਦੋ ਵਾਹਨ ਚੋਰ ਕਾਬੂ, ਚੋਰੀ ਦੇ ਦੋ ਮੋਟਰ ਸਾਈਕਲ ਬਰਾਮਦ
Apr20,2026
| Gurvinder Singh Mohali | Mohali
ਫੇਜ਼ 8 ਪੁਲੀਸ ਵਲੋਂ ਦੋ ਵਾਹਨ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਤੋਂ ਚੋਰੀ ਦਾ ਇੱਕ ਮੋਟਰ ਸਾਈਕਲ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੀਆਂ ਹਿਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਇਹਨਾਂ ਵਿਅਕਤੀਆਂ ਨੂੰ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਟੀਮ ਵਲੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਮੁਹਾਲੀ ਨੇੜੇ ਨਾਕੇਬੰਦੀ ਦੌਰਾਨ ਸਾਮ੍ਹਣੇ ਤੋਂ ਆ ਰਹੇ ਦੋ ਮੋਨੇ ਨੌਜਵਾਨਾਂ (ਜਿਹੜੇ ਪੁਲੀਸ ਨੂੰ ਵੇਖ ਕੇ ਵਾਪਸ ਮੁੜ ਗਏ ਸਨ) ਨੂੰ ਰੋਕ ਕੇ ਉਹਨਾਂ ਤੋਂ ਉਹਨਾਂ ਦਾ ਨਾਮ ਪਤਾ ਪੁੱਛਿਆ ਜਿਸਤੇ ਉਹਨਾਂ ਨੇ ਆਪਣਾ ਨਾਮ ਗੁਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ (ਦੋਵੇਂ ਵਾਸੀ ਪਿੰਡ ਸੰਗਤਪੁਰਾ ਥਾਣਾ ਬਲਾਕ ਮਾਜਰੀ, ਮੁਹਾਲੀ) ਦੱਸਿਆ। ਪੁਲੀਸ ਟੀਮ ਵਲੋਂ ਉਹਨਾਂ ਨੂੰ ਪਿੱਛੇ ਮੁੜਨ ਦਾ ਕਾਰਨ ਪੁੱਛਣ ਤੇ ਉਹਨਾਂ ਦੱਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਪੂਰਤੀ ਕਰਨ ਲਈ ਚੋਰੀਆਂ ਵਗੈਰਾ ਕਰਦੇ ਹਨ।ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੇ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਫੇਜ਼-8 ਮੁਹਾਲੀ ਤੋਂ ਇੱਕ ਮੋਟਰਸਾਇਕਲ ਚੋਰੀ ਕੀਤਾ ਸੀ, ਜਿਹੜਾ ਉਹ ਵੇਚਣ ਲਈ ਆਏ ਸੀ। ਉਹਨਾਂ ਦੱਸਿਆ ਕਿ ਚੋਰੀ ਕੀਤੇ ਮੋਟਰ ਸਾਈਕਲ ਦੀਆਂ ਨੰਬਰ ਪਲੇਟਾਂ ਪੱਟ ਕੇ ਸੁੱਟ ਦਿੱਤੀਆ ਸਨ ਅਤੇ ਮੋਟਰਸਾਇਕਲ ਬੱਸ ਸਟੈਂਡ ਫੇਜ਼-8 ਝਾੜੀਆਂ ਵਿਚ ਛੁਪਾ ਦਿੱਤਾ ਸੀ। ਇਹਨਾਂ ਨੌਜਵਾਨਾਂ ਨੇ ਇਹ ਵੀ ਕਬੂਲ ਕੀਤਾ ਕਿ ਉਹਨਾਂ ਨੇ ਕੁਝ ਸਮਾ ਪਹਿਲਾ ਇੱਕ ਮੋਟਰਸਾਈਕਲ ਕੁਰਾਲੀ ਤੋ ਚੋਰੀ ਕੀਤਾ ਸੀ, ਜੋ ਉਹਨਾਂ ਨੇ ਪਿੰਡ ਸੰਗਤਪੁਰਾਦੇ ਬਾਹਰ ਬੇ-ਆਬਾਦ ਜਗਾ ਤੇ ਉੱਗੀ ਭੰਗ ਵਿੱਚ ਖੜਾ ਕੀਤਾ ਸੀ।
ਪੁਲੀਸ ਵਲੋਂ ਇਹਲਾਂ ਦੋਵਾਂ ਦੇ ਖਿਲਾਫ ਬੀ. ਐਨ. ਐਸ. ਦੀ ਧਾਰਾ 303(2) ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਚੋਰੀ ਦੇ ਦੋਵੇਂ ਮੋਟਰ ਸਾਈਕਲ ਬਰਾਮਦ ਕਰ ਲਏ ਗਏ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ
Mohali-Police-Arrested-Acused