ਐਲ ਪੀ ਜੀ ਸਿਲੰਡਰਾਂ ਦੀ ਗਲਤ ਵਰਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਗਰਾਨੀ ਤੇਜ਼
Mar16,2026
| Gurvinder Singh Mohali | Sas Nagar
ਘਰੇਲੂ ਅਤੇ ਕਮਰਸ਼ੀਅਲ ਐਲ ਪੀ ਜੀ ਸਿਲੰਡਰਾਂ ਸਬੰਧੀ ਵੱਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ਵਿੱਚ ਸਪਲਾਈ ਅਤੇ ਵੰਡ ਪ੍ਰਣਾਲੀ ਉੱਤੇ ਕਰੜੀ ਨਿਗਰਾਨੀ ਰੱਖਣ ਲਈ ਸਖ਼ਤ ਕਦਮ ਚੁੱਕੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਗੈਸ ਏਜੰਸੀਆਂ ਤੇ ਨਜ਼ਰ ਰੱਖਣ ਲਈ ਫੂਡ ਸਪਲਾਈ ਅਫ਼ਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਨਿਯਮਿਤ ਤੌਰ ‘ਤੇ ਜਾਂਚ ਅਤੇ ਤਸਦੀਕ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਅਧਿਕਾਰੀ ਤਿਆਰ ਕੀਤੀਆਂ ਗਈਆਂ ਸੂਚੀਆਂ ਅਨੁਸਾਰ ਚੈਕਿੰਗ ਕਰਨਗੇ ਅਤੇ ਐਲ ਪੀ ਜੀ ਵਿਤਰਕਾਂ ਨਾਲ ਸਹਿਯੋਗ ਕਰਦੇ ਹੋਏ ਇਹ ਯਕੀਨੀ ਬਣਾਉਣਗੇ ਕਿ ਸਿਲੰਡਰਾਂ ਦੀ ਵੰਡ ਨਿਰਧਾਰਿਤ ਨਿਯਮਾਂ ਅਨੁਸਾਰ ਹੀ ਹੋਵੇ।
ਡਿਪਟੀ ਕਮਿਸ਼ਨਰ ਨੇ ਸਾਰੇ ਐਲ ਪੀ ਜੀ ਡਿਸਟ੍ਰੀਬਿਊਟਰਾਂ, ਡਿਲਿਵਰੀ ਸਟਾਫ਼ ਅਤੇ ਹੋਰ ਸੰਬੰਧਤ ਪੱਖਾਂ ਨੂੰ ਜਾਂਚ ਟੀਮਾਂ ਨਾਲ ਪੂਰਾ ਸਹਿਯੋਗ ਦੇਣ ਲਈ ਵੀ ਆਦੇਸ਼ ਦਿੱਤੇ ਤਾਂ ਜੋ ਸਪਲਾਈ ਪ੍ਰਣਾਲੀ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਚੱਲ ਸਕੇ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਐਲ ਪੀ ਜੀ ਸਿਲੰਡਰਾਂ ਦੀ ਡਾਈਵਰਸ਼ਨ, ਜਮਾਖੋਰੀ ਜਾਂ ਗਲਤ ਵਰਤੋਂ ਦਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਜ਼ਰੂਰੀ ਵਸਤਾਂ (ਐਸੈਂਸ਼ਲ ਕਮੋਡਿਟੀਜ਼) ਐਕਟ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗੜਬੜ ਨਜ਼ਰ ਆਵੇ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
Lpg-Cylinder-