— ਗ੍ਰਿਫ਼ਤਾਰ ਕੀਤਾ ਦੋਸ਼ੀ ਮੰਗ ਰਿਹਾ ਸੀ 1 ਕਰੋੜ ਰੁਪਏ ਦੀ ਫਿਰੌਤੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਸੰਗਠਿਤ ਅਪਰਾਧ ਵਿਰੁੱਧ ਵੱਡੀ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਇੱਕ 24 ਸਾਲਾ ਨੌਜਵਾਨ, ਜੋ ਖੁਦ ਨੂੰ ਵਿਦੇਸ਼ੀ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਦੱਸ ਕੇ ਇੱਕ ਸਥਾਨਕ ਆਟੋਮੋਬਾਈਲ ਸ਼ੋਅਰੂਮ ਮਾਲਕ ਤੋਂ ਜ਼ਬਰਨ ਪੈਸੇ ਵਸੂਲਣ ਦੀ ਕੋਸ਼ਿਸ਼, ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ।
ਦੋਸ਼ੀ, ਜਿਸਦੀ ਪਛਾਣ ਲਵਜੀਤ ਸਿੰਘ ਵਾਸੀ ਬਰਗਾੜੀ, ਫਰੀਦਕੋਟ ਵਜੋਂ ਹੋਈ ਹੈ, ਨੇ ਸ਼ਿਕਾਇਤਕਰਤਾ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਰਕਮ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਪੁਲਿਸ ਤੋਂ ਬਚਣ ਲਈ ਆਪਣੀ ਪਛਾਣ ਛੁਪਾਉਣ ਅਤੇ ਫਿਰੌਤੀ ਕਾਲਾਂ ਕਰਨ ਲਈ ਵਰਚੁਅਲ ਨੰਬਰਾਂ ਅਤੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ।
ਲੋਕਾਂ ਨੂੰ ਫਰਜ਼ੀ ਫਿਰੌਤੀ ਕਾਲਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇਹ ਦੇਖਿਆ ਗਿਆ ਹੈ ਕਿ ਕਈ ਅਗਿਆਤ ਅਪਰਾਧੀ, ਜਿਨ੍ਹਾਂ ਦਾ ਕਿਸੇ ਵੀ ਗਿਰੋਹ ਜਾਂ ਗੈਂਗਸਟਰਾਂ ਨਾਲ ਕੋਈ ਸਬੰਧ ਨਹੀਂ ਹੁੰਦਾ, ਅਜਿਹੇ ਸੰਗਠਨਾਂ ਦਾ ਨਾਂ ਵਰਤ ਕੇ ਲੋਕਾਂ ਦੇ ਡਰ ਦਾ ਫਾਇਦਾ ਉਠਾ ਰਹੇ ਹਨ। ਡੀਜੀਪੀ ਨੇ ਕਿਹਾ, ‘‘ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਫਿਰੌਤੀ ਕਾਲਾਂ ਆਉਂਦੀਆਂ ਹਨ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਕਾਨੂੰਨ ਆਪਣਾ ਕੰਮ ਸੁਚੱਜੇ ਢੰਗ ਨਾਲ ਕਰ ਸਕੇ।’’
ਜ਼ਿਕਰਯੋਗ ਹੈ ਕਿ, ਤਿੰਨ ਮਹੀਨੇ ਪਹਿਲਾਂ, ਏਜੀਟੀਐਫ ਨੇ ਮਲੇਸ਼ੀਆ ਤੋਂ ਚਲਾਏ ਜਾ ਰਹੇ ਇੱਕ ਜਾਅਲੀ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ ਪੰਜਾਬ ਭਰ ਵਿੱਚ ਗਾਇਕਾਂ, ਕਾਰੋਬਾਰੀਆਂ ਅਤੇ ਅਮੀਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਮੁਲਜ਼ਮ, ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵਜੋਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡਰਾ ਕੇ ਪੈਸੇ ਵਸੂਲਦਾ ਸੀ।
ਇਸ ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਏਜੀਟੀਐਫ ਨੂੰ ਫਿਰੌਤੀ ਬਾਰੇ ਸ਼ਿਕਾਇਤ ਮਿਲੀ ਸੀ ਅਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਤਕਨੀਕੀ ਜਾਣਕਾਰੀ ਅਤੇ ਖੁਫੀਆ ਇਤਲਾਹ ਰਾਹੀਂ ਕਾਲਾਂ ਕਰਨ ਵਾਲੇ ਦੇ ਅਸਲ ਟਿਕਾਣੇ ਦਾ ਪਤਾ ਲਗਾਇਆ, ਜਿਸ ਨਾਲ ਦੋਸ਼ੀ ਲਵਜੀਤ ਦੀ ਪਛਾਣ ਹੋਈ ਅਤੇ ਉਸਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ।
ਏਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਕੀਤੇ ਹੋਰ ਅਪਰਾਧਾਂ ਅਤੇ ਅਗਲੇਰੇ-ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਏਜੀਟੀਐਫ ਦੇ ਏਆਈਜੀ ਗੁਰਮੀਤ ਚੌਹਾਨ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਲਵਜੀਤ, ਸੋਸ਼ਲ ਮੀਡੀਆ ਦਾ ਸ਼ੌਕੀਨ ਸੀ ਅਤੇ ਇੱਕ ਸ਼ਾਨਦਾਰ ਜੀਵਨ ਸ਼ੈਲੀ ਦੀ ਹੋੜ ਨੇ , ਉਸਨੂੰ ਅਪਰਾਧ ਦੀ ਦੁਨੀਆਂ ਵਿੱਚ ਧਕੇਲ ਦਿੱਤਾ। ਉਨ੍ਹਾਂ ਕਿਹਾ,‘‘ ਦੋਸ਼ੀ , ਪੁਲਿਸ ਹਿਰਾਸਤ ਤੋਂ ਬਚਣ ਲਈ ਫ਼ਿਰੌਤੀ ਕਾਲਾਂ ਕਰਦੇ ਹੋਏ ਆਪਣੀ ਪਛਾਣ ਛੁਪਾਉਣ ਲਈ ਵਰਚੁਅਲ ਨੰਬਰਾਂ ਅਤੇ ਐਨਕ੍ਰਿਪਟਡ ਐਪਸ ਦੀ ਵਰਤੋਂ ਕਰਦਾ ਸੀ,’’ ।
ਇਸ ਸਬੰਧੀ ,ਐਸਏਐਸ ਨਗਰ ਦੇ ਸੋਹਾਣਾ ਪੁਲਿਸ ਸਟੇਸ਼ਨ ਵਿਖੇ ਬੀਐਨਐਸ ਦੀ ਧਾਰਾ 308(2) ਅਤੇ 351(2) ਦੇ ਤਹਿਤ ਐਫਆਈਆਰ ਨੰਬਰ 94 ਮਿਤੀ 17/04/2025 ਨੂੰ ਕੇਸ ਦਰਜ ਕੀਤਾ ਗਿਆ ਹੈ।
Powered by Froala Editor
Agtf-Busts-Extortion-Racket-Punjab-Police-Arrests-24-Year-Old-Mastermind
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)