16 ਤੋਂ 31 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ ਸਵੱਛਤਾ ਪੰਦਰਵਾੜਾ 2026
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਵੱਲੋਂ ਸਵੱਛਤਾ, ਵਾਤਾਵਰਨ ਸੁਰੱਖਿਆ ਅਤੇ ਜਨਤਕ ਜਾਗਰੂਕਤਾ ਪ੍ਰਤੀ ਨਿਰੰਤਰ ਯਤਨਾਂ ਤਹਿਤ 16 ਜਨਵਰੀ ਤੋਂ 31 ਜਨਵਰੀ, 2026 ਤੱਕ ਸਵੱਛਤਾ ਪੰਦਰਵਾੜਾ 2026 ਮਨਾਇਆ ਜਾ ਰਿਹਾ ਹੈ।
ਇਸ ਤਹਿਤ ਪੀਆਈਬੀ ਜਲੰਧਰ ਦੇ ਮੁਲਾਜ਼ਮਾਂ ਵੱਲੋਂ ‘ਸਵੱਛਤਾ ਪ੍ਰਣ’ ਨਾਲ ਸਵੱਛਤਾ ਪੰਦਰਵਾੜਾ 2026 ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਕਰਮਚਾਰੀਆਂ ਨੇ ਜਿੱਥੇ ਆਪਣੇ ਦਫ਼ਤਰ, ਆਲ਼ੇ-ਦੁਆਲ਼ੇ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਸਫ਼ਾਈ ਰੱਖਣ ਦਾ ਪ੍ਰਣ ਲਿਆ, ਉੱਥੇ ਆਪਣੇ ਰੋਜ਼ਾਨਾ ਜੀਵਨ ਵਿੱਚ ਸਵੱਛਤਾ ਸਬੰਧੀ ਆਦਤਾਂ ਅਪਣਾਉਣ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦਾ ਵਿਸ਼ਵਾਸ ਪ੍ਰਗਟ ਕੀਤਾ।
ਪੀਆਈਬੀ ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ, ਡਾ. ਵਿਕਰਮ ਸਿੰਘ ਨੇ ਕਿਹਾ ਕਿ ਆਪਣੇ ਚੁਗਿਰਦੇ ਦੀ ਸਫ਼ਾਈ ਰੱਖਣਾ ਸਿਰਫ਼ ਇੱਕ ਵਾਰ ਦੀ ਗਤੀਵਿਧੀ ਨਹੀਂ ਹੈ, ਸਗੋਂ ਇਹ ਇੱਕ ਨਿਯਮਤ ਆਦਤ ਹੈ, ਜਿਸ ਨੂੰ ਸਾਰਿਆਂ ਵੱਲੋਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪੀਆਈਬੀ ਦੇ ਸਾਰੇ ਕਰਮਚਾਰੀਆਂ ਨੇ ਆਪਣੇ ਕੰਮਕਾਜ ਵਾਲੀ ਥਾਂ ਨੂੰ ਸਾਫ਼ ਰੱਖਣ ਅਤੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਮਾਜ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਪ੍ਰਣ ਲਿਆ ਹੈ।
ਡਾ. ਵਿਕਰਮ ਸਿੰਘ ਨੇ ਅੱਗੇ ਦੱਸਿਆ ਕਿ ਸਵੱਛਤਾ ਪੰਦਰਵਾੜੇ ਦੇ ਆਉਣ ਵਾਲੇ ਦਿਨਾਂ ਦੌਰਾਨ ਪੀਆਈਬੀ ਜਲੰਧਰ ਵੱਲੋਂ ਆਪਣੇ ਦਫ਼ਤਰ ਅਤੇ ਇਸ ਦੇ ਨਜ਼ਦੀਕ ਸਫ਼ਾਈ ਅਤੇ ਸੁੰਦਰੀਕਰਨ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਗਤੀਵਿਧੀਆਂ ਦਾ ਮੰਤਵ ਸਾਰਿਆਂ ਲਈ ਇੱਕ ਸਵੱਛ, ਸਿਹਤਮੰਦ ਅਤੇ ਸੁਹਾਵਣਾ ਵਾਤਾਵਰਨ ਬਣਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰਮਚਾਰੀਆਂ ਨੇ ਬਾਜ਼ਾਰ ਵਿੱਚ ਜਾਂਦੇ ਸਮੇਂ ਪਲਾਸਟਿਕ ਦੇ ਥੈਲਿਆਂ ਦੀ ਬਜਾਏ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਦਾ ਵੀ ਵਾਅਦਾ ਕੀਤਾ ਹੈ, ਜਿਸ ਨਾਲ ਪਲਾਸਟਿਕ-ਮੁਕਤ ਅਤੇ ਵਾਤਾਵਰਨ-ਅਨੁਕੂਲ ਜੀਵਨ ਸ਼ੈਲੀ ਨੂੰ ਹੁਲਾਰਾ ਮਿਲੇਗਾ।
ਇਸ ਮੌਕੇ 'ਤੇ ਸੂਚਨਾ ਸਹਾਇਕ, ਡਾ. ਸੁਖਦੀਪ ਸਿੰਘ ਨੇ ਕਿਹਾ ਕਿ ਇਹ ਸਫ਼ਾਈ ਗਤੀਵਿਧੀਆਂ ਸਿਰਫ਼ ਸਵੱਛਤਾ ਪੰਦਰਵਾੜੇ ਤੱਕ ਸੀਮਤ ਨਹੀਂ ਰਹਿਣਗੀਆਂ, ਸਗੋਂ ਪੰਦਰਵਾੜੇ ਪਿੱਛੋਂ ਵੀ ਇਨ੍ਹਾਂ ਸਫ਼ਾਈ ਯਤਨਾਂ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੀਆਈਬੀ ਜਲੰਧਰ ਵੱਲੋਂ ਸਵੱਛਤਾ ਪੰਦਰਵਾੜੇ ਅਤੇ ਆਮ ਲੋਕਾਂ ਵਿੱਚ ਵਾਤਾਵਰਨ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਦੀ ਵੀ ਵਰਤੋਂ ਕੀਤੀ ਜਾਵੇਗੀ।
Powered by Froala Editor
Pib-Jalandhar-Starts-Swachhata-Pakhwada-2026-With-A-swachhata-Pledge-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)