'ਬੁੱਢੇ ਦਰਿਆ' ਵਿੱਚ ਗੋਬਰ ਸੁੱਟੇ ਜਾਣ ਦਾ ਸਖ਼ਤ ਨੋਟਿਸ ਲੈਂਦੇ ਹੋਏ, ਰਾਜ ਸਭਾ ਐਮ.ਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਲੋੜ ਹੋਵੇ ਤਾਂ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਗੋਬਰ ਸੁੱਟਣ ਤੋਂ ਰੋਕਣ ਲਈ ਵਾਤਾਵਰਣ ਮੁਆਵਜ਼ਾ (ਈ.ਸੀ) ਲਗਾਇਆ ਜਾਵੇ।
ਰਾਜ ਸਭਾ ਐਮ.ਪੀ ਸੰਤ ਸੀਚੇਵਾਲ ਨੇ ਬੁੱਧਵਾਰ ਨੂੰ ਹੈਬੋਵਾਲ ਡੇਅਰੀ ਕੰਪਲੈਕਸ, ਡੇਅਰੀ ਰਹਿੰਦ-ਖੂੰਹਦ ਨੂੰ ਟ੍ਰੀਟ ਕਰਨ ਲਈ ਸਥਾਪਿਤ ਕੀਤੇ ਗਏ ਐਫਲੂਐਂਟ ਟ੍ਰੀਟਮੈਂਟ ਪਲਾਂਟ (ਈ.ਟੀ.ਪੀ) ਅਤੇ ਬੱਲੋਕੇ ਸੀਵਰ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ) ਦਾ ਨਿਰੀਖਣ ਕੀਤਾ।
ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਸੰਯੁਕਤ ਕਮਿਸ਼ਨਰ-ਕਮ-ਜ਼ੋਨਲ ਕਮਿਸ਼ਨਰ ਅਭਿਸ਼ੇਕ ਸ਼ਰਮਾ, ਕਾਰਜਕਾਰੀ ਇੰਜੀਨੀਅਰ ਏਕਜੋਤ ਸਿੰਘ, ਸਿਹਤ ਅਫ਼ਸਰ ਡਾ. ਵਿਪਲ ਮਲਹੋਤਰਾ, ਕਾਰਜਕਾਰੀ ਇੰਜੀਨੀਅਰ (ਸੀਵਰੇਜ ਬੋਰਡ) ਬਲਰਾਜ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ), ਪੇਡਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਨਿਰੀਖਣ ਦੌਰਾਨ ਮੌਜੂਦ ਸਨ।
ਰਾਜ ਸਭਾ ਐਮ.ਪੀ ਸੀਚੇਵਾਲ ਨੇ ਕਿਹਾ ਕਿ ਗੋਬਰ ਸੁੱਟਣ ਨਾਲ ਨਾ ਸਿਰਫ਼ 'ਬੁੱਢਾ ਦਰਿਆ' ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਇਹ ਐਫਲੂਐਂਟ ਟ੍ਰੀਟਮੈਂਟ ਪਲਾਂਟ (ਈ.ਟੀ.ਪੀ.) ਅਤੇ ਸੀਵਰ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਦੇ ਕੰਮਕਾਜ 'ਤੇ ਵੀ ਅਸਰ ਪਾ ਰਿਹਾ ਹੈ।
ਜਦੋਂ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੇਅਰੀ ਮਾਲਕਾਂ ਵਿਰੁੱਧ ਸਮੇਂ-ਸਮੇਂ 'ਤੇ ਚਲਾਨ ਜਾਰੀ ਕੀਤੇ ਜਾਂਦੇ ਹਨ, ਐਮ.ਪੀ ਸੀਚੇਵਾਲ ਨੇ ਪੀ.ਪੀ.ਸੀ.ਬੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਲੋੜ ਹੋਵੇ ਤਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਾਤਾਵਰਣ ਮੁਆਵਜ਼ਾ (ਈ.ਸੀ.) ਵੀ ਲਗਾਇਆ ਜਾਵੇ।
ਬਾਅਦ ਵਿੱਚ, ਰਾਜ ਸਭਾ ਮੈਂਬਰ ਸੀਚੇਵਾਲ ਨੇ 225 ਐਮ.ਐਲ.ਡੀ ਐਸ.ਟੀ.ਪੀ. ਜਮਾਲਪੁਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ 'ਬੁੱਢੇ ਦਰਿਆ' ਵਿੱਚ ਗੋਬਰ ਅਤੇ ਅਣਸੋਧੇ ਉਦਯੋਗਿਕ ਪਾਣੀ ਦੇ ਪ੍ਰਵਾਹ ਨੂੰ ਰੋਕਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ।
ਪੀ.ਪੀ.ਸੀ.ਬੀ ਅਧਿਕਾਰੀਆਂ ਨੂੰ ਨਗਰ ਨਿਗਮ ਸੀਵਰ ਲਾਈਨਾਂ ਜਾਂ ਬੁੱਢੇ ਦਰਿਆ ਵਿੱਚ ਅਣਸੋਧਿਆ ਪਾਣੀ ਸੁੱਟਣ ਵਾਲੀਆਂ ਰੰਗਾਈ ਇਕਾਈਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ।
ਰਾਜ ਸਭਾ ਐਮ.ਪੀ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ 'ਰੰਗਲਾ ਪੰਜਾਬ' ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਵਸਨੀਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਨਾਲ ਹੱਥ ਮਿਲਾਉਣ ਦੀ ਅਪੀਲ ਕੀਤੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਲਈ ਸਾਂਝੇ ਯਤਨ ਕੀਤੇ ਜਾ ਸਕਣ।