ਸੂਫੀ ਗਾਇਕਾ ਰਜ਼ਾ ਹੀਰ ਨੇ ਬੰਨਿਆ ਖੂਬ ਰੰਗ ---‐---------------------------------- ਜਲੰਧਰ, 21 ਫਰਵਰੀ --- ਪੰਜਾਬ ਜਾਗ੍ਰਿਤੀ ਮੰਚ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸੰਦਰਭ ਚ ਇਕ ਸਥਾਨਕ ਹੋਟਲ ਵਿਖੇ ਇਕ ਸ਼ਾਮ ਮਾਂ ਬੋਲੀ ਦੇ ਨਾਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਚ ਨੌਜਵਾਨ ਪੰਜਾਬੀ ਗਾਇਕਾ ਰਜ਼ਾ ਹੀਰ ਨੇ ਜਿੱਥੇ ਸੂਫੀ ਕਲਾਮ ਤੇ ਲੋਕ ਗੀਤ ਪੇਸ਼ ਕਰਕੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਉੱਥੇ ਉਨ੍ਹਾਂ ਪੰਜਾਬੀ ਜ਼ਬਾਨ ਤੇ ਸੱਭਿਆਚਾਰ ਬਾਰੇ ਚੇਤਨਾ ਵੀ ਪੈਦਾ ਕੀਤੀ। ਇਸ ਮੌਕੇ ਉਨ੍ਹਾਂ ਵਲੋਂ ਗਾਇਆ ਤੇ ਜਸਵੰਤ ਜ਼ਫਰ ਦਾ ਲਿਖਿਆ ਗੀਤ ਆਪਣਾ ਪੰਜਾਬ ਹੋਵੇ, ਹੱਥ ਚ ਕਿਤਾਬ ਹੋਵੇ ਸਰੋਤਿਆਂ ਵਲੋਂ ਬੇਹੱਦ ਸਰਾਹਿਆ ਗਿਆ। ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਜਾਗ੍ਰਿਤੀ ਮੰਚ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕਰਵਾਏ ਗਏ ਸਮਾਗਮ ਦੀ ਕੀਤੀ ਤੇ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਖੇਤਰ ਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਅਪਣਾਉਣਾ ਚਾਹੀਦੀ ਹੈ ਤੇ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਪੰਜਾਬੀ ਜ਼ਬਾਨ ਨਾਲ ਜੋੜਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਪੰਜਾਬ ਜਾਗ੍ਰਿਤੀ ਮੰਚ ਵਲੋਂ ਇਸ ਸਮਾਗਮ ਰਾਹੀਂ ਜੋ ਮੰਗਾਂ ਪੰਜਾਬ ਸਰਕਾਰ ਸਾਹਮਣੇ ਰੱਖੀਆਂ ਗਈਆਂ ਹਨ, ਉਨ੍ਹਾਂ ਨੂੰ ਉਹ ਸਰਕਾਰ ਤੱਕ ਪਹੁੰਚਾਉਣਗੇ ਤਾਂ ਜੋ ਇਨ੍ਹਾਂ ਦਾ ਹੱਲ ਕਰਵਾਇਆ ਜਾ ਸਕੇ। ਇਸ ਤੋਂ ਪਹਿਲਾਂ ਪੰਜਾਬ ਜਾਗ੍ਰਿਤੀ ਮੰਚ ਦੇ ਪ੍ਰਧਾਨ ਤੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਸ. ਕੁਲਤਾਰ ਸਿੰਘ ਸੰਧਵਾਂ ਕੋਲੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਸਿੱਖਿਆ, ਪ੍ਰਸ਼ਾਸ਼ਨ ਤੇ ਨਿਆਂ ਦੇ ਖੇਤਰ ਚ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਸ਼ਕਤੀਸ਼ਾਲੀ ਭਾਸ਼ਾਈ ਕਮਿਸ਼ਨ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਹੋਰਨਾਂ ਖੇਤਰਾਂ ਚ ਵੀ ਪੰਜਾਬੀ ਨੂੰ ਲਾਗੂ ਕਰਵਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਰਾਜ ਦੇ ਹਰ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਹਰ ਹਾਲ ਚ ਲਾਜ਼ਮੀ ਬਣਾਈ ਜਾਣੀ ਚਾਹੀਦੀ ਹੈ। ਇਸ ਮੌਕੇ ਸਮਾਗਮ ਚ ਸ਼ਾਮਿਲ ਹੋਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਮੰਚ ਦੇ ਜਨਰਲ ਸਕੱਤਰ ਸ੍ਰੀ ਦੀਪਕ ਬਾਲੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਜਿਹਾ ਰੱਥ ਹੈ, ਜੋ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਸਾਡੇ ਹਵਾਲੇ ਕਰਕੇ ਗਈਆਂ ਹਨ ਤੇ ਹੁਣ ਸਾਨੂੰ ਨੂੰ ਇਹ ਰੱਥ ਅਗਲੀ ਪੀੜ੍ਹੀ ਨੂੰ ਸੌਂਪਣਾ ਚਾਹੀਦਾ ਹੈ ਤੇ ਜੇਕਰ ਇਸ ਮਾਮਲੇ ਚ ਅਸੀਂ ਕੁਤਾਹੀ ਕਰਦੇ ਹਾਂ ਤਾਂ ਸਰਕਾਰਾਂ ਦੇ ਨਾਲ-ਨਾਲ ਅਸੀਂ ਖੁਦ ਵੀ ਇਸ ਦੇ ਜ਼ਿੰਮੇਵਾਰ ਹੋਵਾਂਗੇ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਆਬਾ ਜ਼ੋਨ ਦੇ ਇੰਚਾਰਜ ਅਮਰਜੋਤ ਸਿੰਘ, ਆਤਮ ਪ੍ਰਕਾਸ਼ ਸਿੰਘ ਬਬਲੂ, ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਜਥੇਦਾਰ ਜਗਜੀਤ ਸਿੰਘ ਗਾਬਾ, ਡਾ ਗੁਰਬੀਰ ਸਿੰਘ ਗਿੱਲ, ਨਰਿੰਦਰ ਸਿੰਘ ਸੱਗੂ, ਗੁਰਮੀਤ ਸਿੰਘ ਸਕੱਤਰ ਵਿਰਸਾ ਵਿਹਾਰ, ਡਾ. ਬਲਵਿੰਦਰ ਸਿੰਘ ਥਿੰਦ, ਸੌਦਾਗਰ ਸਿੰਘ ਔਜਲਾ ਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।
Punjab-Jagriti-Manch-Jalandhar-Editor-Satnam-Singh-Manak-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)