ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਲੁਧਿਆਣਾ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਦੇ ਉੱਘੇ ਖੋਜੀ, ਸ਼੍ਰੋਮਣੀ ਕਵੀ ਡਾ. ਆਤਮ ਹਮਰਾਹੀ ਜੀ ਦੀ ਯਾਦ ਵਿੱਚ ਉਹਨਾਂ ਦੇ 90ਵੇਂ ਜਨਮ ਦਿਨ ਦੇ ਮੌਕੇ ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ-2025 ਪੰਜਾਬੀ ਭਵਨ, ਲੁਧਿਆਣਾ ਵਿਖੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਪਿ੍ਰੰ. ਇੰਦਰਜੀਤ ਕੌਰ, ਮੇਅਰ ਲੁਧਿਆਣਾ, ਮੋਹਨ ਗਿੱਲ ਅਤੇ ਭੁਪਿੰਦਰ ਮੱਲੀ ਸ਼ਾਮਲ ਸਨ। ਸਮਾਗਮ ਮੌਕੇ ਉੱਘੇ ਚਿੰਤਕ ਤੇ ਕਵੀ ਡਾ. ਦੇਵਿੰਦਰ ਸੈਫ਼ੀ, ਪ੍ਰਸਿੱਧ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ, ਨਾਮੀ ਨਾਟਕਕਾਰ ਡਾ. ਨਿਰਮਲ ਜੌੜਾ, ਕਹਾਣੀਕਾਰ ਸੁਰਿੰਦਰ ਦੀਪ ਨੂੰ ਡਾ. ਆਤਮ ਹਮਰਾਹੀ ਖੋਜ ਅਤੇ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗੀਤਕਾਰ ਅਮਰਜੀਤ ਸ਼ੇਰਪੁਰੀ ਨੂੰ ਸ. ਗੁਰਚਰਨ ਸਿੰਘ ਭੰਮਰਾ ਦੀ ਯਾਦ ਵਿਚ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਡਾ. ਆਤਮ ਹਮਰਾਹੀ ਦੀ ਸਪੁੱਤਰੀ ਅਤੇ ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਦੀ ਡਾਇਰੈਕਟਰ ਸ੍ਰੀਮਤੀ ਮਨਦੀਪ ਕੌਰ ਭੰਮਰਾ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਦਸਿਆ ਕਿ ਇਹ ਚੌਥਾ ਸਨਮਾਨ ਸਮਾਗਮ ਹੈ। ਉਨ੍ਹਾਂ ਡਾ. ਆਤਮ ਹਮਰਾਹੀ ਜੀ ਦੀ ਪੰਜਾਬੀ ਸਾਹਿਤ ਨੂੰ ਦੇਣ ਅਤੇ ਉਨ੍ਹਾਂ ਦੇ ਘਾਲਣਾਮਈ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਅਕਾਡਮੀ ਦੇ ਸਕੱਤਰ ਅਤੇ ਪ੍ਰਸਿੱਧ ਕਵੀ ਡਾ. ਹਰੀ ਸਿੰਘ ਜਾਚਕ ਨੇ ਬਾਖ਼ੂਬੀ ਮੰਚ ਸਮਾਗਮ ਕੀਤਾ। ਉਨ੍ਹਾਂ ਡਾ. ਆਤਮ ਹਮਰਾਹੀ ਜੀ ਅਤੇ ਸਨਮਾਨਤ ਸ਼ਖ਼ਸੀਅਤਾਂ ਨੂੰ ਬਹੁਤ ਖ਼ੂਬਸੂਰਤ ਕਾਵਿ ਟੁਕੜੀਆਂ ਨਾਲ ਚਰਿੱਤਰਤ ਕੀਤਾ। ਚਿੰਤਨਸ਼ੀਲ ਸਾਹਿਤਕਾਰ ਸੰਸਥਾ ਵਲੋਂ ਸਨਮਾਨਤ ਸ਼ਖ਼ਸੀਅਤਾਂ ਨੂੰ ਸ਼ੋਭ ਪੱਤਰ, ਸਨਮਾਨ ਚਿੰਨ੍ਹ ਅਤੇ ਦੋਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖ਼ਸੀਅਤਾਂ ਬਾਰੇ ਮਨਦੀਪ ਕੌਰ ਭੰਮਰਾ ਦੇ ਲਿਖੇ ਸ਼ੋਭਾ ਪੱਤਰ ਵੱਖ-ਵੱਖ ਵਿਦਵਾਨਾਂ ਵਲੋਂ ਪੜ੍ਹੇ ਗਏ। ਡਾ. ਨਿਰਮਲ ਜੋੜਾ ਬਾਰੇ ਮੈਡਮ ਮਨਦੀਪ ਕੌਰ ਭੰਮਰਾ ਨੇ, ਡਾ. ਗੁਰਚਰਨ ਕੌਰ ਕੋਚਰ ਬਾਰੇ ਕੇ. ਸਾਧੂ ਸਿੰਘ ਨੇ, ਸੁਰਿੰਦਰ ਦੀਪ ਬਾਰੇ ਮਨਦੀਪ ਕੌਰ ਭੰਮਰਾ ਨੇ, ਡਾ. ਦੇਵਿੰਦਰ ਸੈਫ਼ੀ ਬਾਰੇ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਅਮਰਜੀਤ ਸ਼ੇਰਪੁਰੀ ਬਾਰੇ ਅੰਜੂ ਗਰੋਵਰ ਨੇ ਸ਼ੋਭਾ ਪੱਤਰ ਪੇਸ਼ ਕੀਤੇ। ਸਨਮਾਨ ਉਪਰੰਤ ਸਨਮਾਨਿਤ ਸ਼ਖ਼ਸੀਅਤਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਆਤਮ ਹਮਰਾਹੀ ਜੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਦਾ ਧੰਨਵਾਦ ਕੀਤਾ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਜੀ ਨੇ ਕਿਹਾ ਕਿ ਸ਼ਬਦ-ਸਾਧਕ ਡਾ. ਆਤਮ ਹਮਰਾਹੀ ਜੀ ਦੇ ਵਿਦਿਆਰਥੀ ਹੁੰਦਿਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਅਜੋਕੇ ਸੰਕਟ ਭਰੇ ਸਮਿਆਂ ਵਿਚ ਉਨ੍ਹਾਂ ਦੀ ਪ੍ਰਸੰਗਿਕਤਾ ਸਰੋਤਿਆਂ ਅਤੇ ਸਮਿਆਂ ਦੇ ਸਨਮੁੱਖ ਕੀਤੀ। ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਹਮਰਾਹੀ ਸਾਹਿਬ ਬਾਰੇ ਗੱਲ ਕਰਦਿਆਂ ਟਿੱਪਣੀ ਕੀਤੀ ਕਿ ਹਮਰਾਹੀ ਜੀ ਮੇਰੇ ਆਪਣੇ ਜ਼ਿਲ੍ਹੇ ਮੋਗੇ ਲਈ ਚੰਦ ਵਰਗੀ ਰੌਸ਼ਨੀ ਦੇਣ ਵਾਲੇ ਸਨ। ਉਨ੍ਹਾਂ ਸਾਰੇ ਸਨਮਾਨਿਤ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ. ਆਤਮ ਹਮਰਾਹੀ ਯਾਦਗਾਰੀ ਸਨਮਾਨ ਦਾ ਅਰਥ ਉਨ੍ਹਾਂ ਦੀ ਸਮਝ ਨੂੰ ਅੱਗੇ ਤੋਰਨਾ ਹੁੰਦਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਜੀ ਨੇ ਲੁਧਿਆਣਾ ਦੇ ਮੇਅਰ ਪਿ੍ਰੰ. ਇੰਦਰਜੀਤ ਕੌਰ ਨੂੰ ਜੀ ਆਇਆਂ ਨੂੰ ਕਹਿੰਦਿਆਂ ਆਖਿਆ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਕ ਸਿੱਖਿਆ ਦੇ ਖੇਤਰ ਵਿਚ ਨਾਮਣੇ ਵਾਲੀ ਮਹਿਲਾ ਸਾਡੇ ਸ਼ਹਿਰ ਦੀ ਮੇਅਰ ਬਣੀ ਹੈ। ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਬਾਰੇ ਦੱਸਦਿਆਂ ਡਾ. ਆਤਮ ਹਮਰਾਹੀ ਜੀ ਦੇ ਡਾ. ਹਰਜਿੰਦਰ ਵਾਲੀਆ ਸਮੇਤ ਦੋ ਚਹੇਤੇ ਵਿਦਿਆਰਥੀ ਹੋਣ ਦਾ ਮਾਣ ਕੀਤਾ। ਪਰਵਾਸੀ ਸ਼ਾਇਰ ਸ੍ਰੀ ਮੋਹਨ ਗਿੱਲ ਨੇ ਹਮਰਾਹੀ ਸਾਹਿਬ ਨੂੰ ਯਾਦ ਕਰਦਿਆਂ ਦੱਸਿਆ ਕਿ ਜਦੋਂ ਮੇਰੀ ਪਹਿਲੀ ਪੁਸਤਕ ਲੋਕ ਅਰਪਣ ਹੋਈ ਸੀ ਉਸ ਵੇਲੇ ਡਾ. ਸਾਹਿਬ ਉਸ ਸਮਾਗਮ ਵਿਚ ਸ਼ਾਮਲ ਸਨ। ਉੱਘੇ ਵਿਗਿਆਨੀ ਅਤੇ ਸਾਹਿਤਕਾਰ ਡਾ. ਫ਼ਕੀਰ ਚੰਦ ਸ਼ੁਕਲਾ ਨੇ ਹਮਰਾਹੀ ਸਾਹਿਬ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਆਪਣੇ ਗੂੜੀ ਮਿੱਤਰਤਾਈ ਦਾ ਜ਼ਿਕਰ ਕੀਤਾ। ਦਲਜੀਤ ਬਾਗ਼ੀ ਹੋਰਾਂ ਨੇ ਡਾ. ਆਤਮ ਹਮਰਾਹੀ ਦੇ ਵਿਦਿਆਰਥੀ ਹੋਣ ’ਤੇ ਫ਼ਖ਼ਰ ਕਰਦਿਆਂ ਯਾਦਾਂ ਸਾਂਝੀਆਂ ਕੀਤੀਆਂ। ਅਖ਼ੀਰ ਮੈਡਮ ਮਨਦੀਪ ਕੌਰ ਭੰਮਰਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਮੇਰੇ ਪਰਿਵਾਰ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਆਪਣੇ ਭਰਾ ਬਲਦੀਪ ਸਿੰਘ ਹਮਰਾਹੀ ਦੀ ਨੈਤਿਕ ਹਿਮਾਇਤ ਦਾ ਜ਼ਿਕਰ ਕਰਦਿਆਂ ਆਪਣੇ ਸਤਿਕਾਰਯੋਗ ਪਿਤਾ ਡਾ. ਆਤਮ ਹਮਰਾਹੀ ਦੀ ਸਫ਼ਲਤਾ ਲਈ ਆਪਣੀ ਮਾਤਾ ਸ੍ਰੀਮਤੀ ਤਰਲੋਚਨ ਕੌਰ ਦੀ ਨਾਯਾਬ ਭੂਮਿਕਾ ਨੂੰ ਵੀ ਯਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਇੰਦਰਜੀਤਪਾਲ ਕੌਰ, ਲਖਵਿੰਦਰ ਕੌਰ, ਮਨਜਿੰਦਰ ਧਨੋਆ, ਰਜਿੰਦਰ ਸਿੰਘ, ਗੁਰਮਤ ਸਿੰਘ, ਹਰਦੇਵ ਸਿੰਘ ਕਲਸੀ, ਗੁਰਮੇਜ ਭੱਟੀ, ਪ੍ਰਭਕਿਰਨ ਸਿੰਘ, ਬਲਵਿੰਦਰ ਮੋਹੀ, ਜਸਪ੍ਰੀਤ ਅਮਲਤਾਸ, ਡਾ. ਪਰਮਜੀਤ ਕੌਰ ਪਾਸੀ, ਪ੍ਰਭਜੋਤ ਸੋਹੀ, ਹਰਮਿੰਦਰ ਮੁੰਡੇ, ਰਣਜੀਤ ਕੌਰ, ਪਰਮਜੀਤ ਸਿੰਘ ਗਰੇਵਾਲ, ਹਰਨੇਕ ਸਿੰਘ, ਬਲਕੌਰ ਸਿੰਘ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਸਿਮਰਨ ਧੁੱਗਾ, ਹਰਬਖ਼ਸ਼ ਸਿੰਘ ਗਰੇਵਾਲ, ਪਿ੍ਰੰ. ਰਣਜੀਤ ਸਿੰਘ ਅਤੇ ਸਨਮਾਨਤ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ।
Dr-Atam-Hamrahi-Memorial-Award-Ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)