ਪੰਜਾਬ ਵਿੱਚ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਸ਼ੁਰੂ, 10 ਲੱਖ ਰੁਪਏ ਤੱਕ ਸਾਲਾਨਾ ਮਿਲੇਗਾ ਮੁਫ਼ਤ ਇਲਾਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਮੋਹਾਲੀ ਵਿੱਚ ਕਾਰਡ ਵੰਡ ਕੇ ਕੀਤੀ ਸ਼ੁਰੂਆਤ
Jan22,2026
| Gurvinder Singh Mohali | Mohali
ਮੋਹਾਲੀ ਦੇ ਫੇਜ਼ 8 ਵਿੱਚ ਸਥਿਤ ਵਿਕਾਸ ਭਵਨ ਦੇ ਆਡੀਟੋਰੀਅਮ ਵਿਖੇ ਅੱਜ ਪੰਜਾਬ ਦੇ ਹਰ ਵਰਗ ਲਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇੱਥੇ ਸਕੀਮ ਦੇ ਲਾਭਪਾਤਰੀਆਂ ਨੂੰ ਕਾਰਡ ਵੰਡ ਕੇ ਇਸ ਸਕੀਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਜਿਸ ਤਹਿਤ ਰਾਜ ਦੇ ਤਿੰਨ ਕਰੋੜ ਵਸਨੀਕ ਬਿਨਾਂ ਕਿਸੇ ਪੈਸੇ ਤੋਂ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਵਿੱਚ ਆਪਣਾ ਮੁਫ਼ਤ ਇਲਾਜ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਲਈ ਰਜਿਸਟਰੇਸ਼ਨ ਅੱਜ ਤੋਂ ਆਰੰਭ ਹੋ ਚੁੱਕੀ ਹੈ ਅਤੇ ਰਜਿਸਟਰੇਸ਼ਨ ਮੁਕੰਮਲ ਹੁੰਦਿਆਂ ਹੀ ਕੋਈ ਵੀ ਵਿਅਕਤੀ ਇਸ ਦਾ ਲਾਭ ਹਾਸਲ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿੱਚ ਵੱਖ-ਵੱਖ ਬਿਮਾਰੀਆਂ ਦੇ 2500 ਦੇ ਕਰੀਬ ਪੈਕੇਜ ਹਨ ਅਤੇ ਰਾਜ ਦੇ 95 ਫੀਸਦ ਹਸਪਤਾਲਾਂ ਨੂੰ ਸਕੀਮ ਲਈ ਸੂਚੀਬੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਨੂੰ 15 ਦਿਨਾਂ ਦੇ ਅੰਦਰ ਕੀਤੇ ਗਏ ਇਲਾਜ ਦੀ ਅਦਾਇਗੀ ਯੂਨਾਈਟਿਡ ਇੰਸ਼ੋਰੈਂਸ ਕੰਪਨੀ ਵੱਲੋਂ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਕੀਮ ਦਿਲ, ਕਿਡਨੀ, ਗੋਡੇ ਬਦਲਣ, ਜੱਚਾ ਬੱਚਾ ਤੋਂ ਇਲਾਵਾ ਹਰ ਤਰ੍ਹਾਂ ਦੇ ਇਲਾਜ ਲਈ ਉਪਲਬਧ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਿਧਾਇਕ ਅਤੇ ਹੋਰ ਆਗੂਆਂ ਤੋਂ ਇਲਾਵਾ ਪਾਰਟੀ ਵਰਕਰ ਮੌਜੂਦ ਸਨ।
Powered by Froala Editor
Mukhmantri-Sehat-Yozna-Launched-Bhagwant-Mann-Announces-To-Start-Registration-From-Tarn-Taran-And-Barnala-Districts