• ਪੰਜਾਬ ਸਰਕਾਰ ਵੱਲੋਂ 5ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ: ਹਰਜੋਤ ਬੈਂਸ
•18 ਸਾਲ ਦੀ ਉਮਰ ਦੇ ਉੱਦਮੀਆਂ ਦੀਆਂ 40 ਟੀਮਾਂ ਨਿਵੇਸ਼ਕਾਂ, ਕਾਰੋਬਾਰੀਆਂ ਅਤੇ ਮਾਹਿਰਾਂ ਸਾਹਮਣੇ ਆਪਣੇ ਉੱਦਮਾਂ ਨਾਲ ਹੋਣਗੀਆਂ ਰੂਬਰੂ
•ਸਰਕਾਰ ਨੇ ਬਿਜਨਸ ਬਲਾਸਟਰ ਪ੍ਰੋਗਰਾਮ ਤਹਿਤ ਪ੍ਰਤੀ ਟੀਮ 16,000 ਰੁਪਏ ਦੀ ਸੀਡ ਫੰਡਿੰਗ ਕੀਤੀ ਪ੍ਰਦਾਨ, ਗਿਆਰ੍ਹਵੀਂ-ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਕਰਨ ਲਈ ਕੀਤਾ ਉਤਸ਼ਾਹਿਤ: ਸਿੱਖਿਆ ਮੰਤਰੀ
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਈ.ਆਈ.ਟੀ. ਰੋਪੜ ਵਿਖੇ ਪਹਿਲੀ ਵਾਰ ਬਿਜ਼ਨਸ ਬਲਾਸਟਰਸ ਐਕਸਪੋ ਕਰਵਾਈ ਜਾ ਰਹੀ ਹੈ, ਜਿੱਥੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਰੋਮਾਂਚਕ ਸ਼ਾਰਕ ਟੈਂਕ-ਸ਼ੈਲੀ ਵਰਗੇ ਸੈਸ਼ਨਾਂ ਵਿੱਚ ਹਿੱਸਾ ਲੈਣਗੇ ਅਤੇ ਉੱਘੇ ਨਿਵੇਸ਼ਕਾਂ, ਉੱਦਮੀਆਂ ਤੇ ਇਨਕਿਊਬੇਟਰਾਂ ਦੇ ਇੱਕ ਵਿਸ਼ੇਸ਼ ਪੈਨਲ ਅੱਗੇ ਆਪਣੇ ਨਵੀਨਤਾਕਾਰੀ ਉੱਦਮਾਂ ਦਾ ਪ੍ਰਦਰਸ਼ਨ ਕਰਨਗੇ।
ਅੱਜ ਸ਼ਾਮ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਐਕਸਪੋ ਵੱਡੇ ਪੱਧਰ ‘ਤੇ ਵਿਦਿਆਰਥੀ ਉੱਦਮਾਂ ਲਈ ਫੰਡਿੰਗ, ਇੰਕਿਊਬੇਸ਼ਨ ਅਤੇ ਉਦਯੋਗਿਕ ਭਾਈਵਾਲੀ ਨੂੰ ਯਕੀਨੀ ਬਣਾਏਗਾ ਅਤੇ ਨਾਲ ਹੀ ਸਕੂਲ-ਅਧਾਰਤ ਉੱਦਮਤਾ ਦੇ ਸਮਰਥਨ ਲਈ ਭਾਈਵਾਲਾਂ ਨੂੰ ਪ੍ਰੇਰਿਤ ਕਰੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਭਲਕੇ (ਸ਼ਨੀਵਾਰ) ਨੂੰ ਐਕਸਪੋ ਵਿੱਚ ਲਗਭਗ 40 ਟੀਮਾਂ ਆਪਣੇ ਉਤਪਾਦ ਪੇਸ਼ ਕਰਨਗੀਆਂ। ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਟੀਮਾਂ ਵੱਲੋਂ 18,492 ਬਿਜ਼ਨਸ ਆਈਡੀਆ ਵਿਕਸਤ ਕੀਤੇ ਗਏ ਹਨ।
ਸੂਬਾ ਸਰਕਾਰ ਵੱਲੋਂ ਅਧਿਆਪਕਾਂ ਅਤੇ ਮਾਹਰ ਸਲਾਹਕਾਰਾਂ ਦੀ ਅਗਵਾਈ ਹੇਠ ਆਪਣੇ ਬਿਜਨਸ ਆਈਡੀਆ ਨੂੰ ਵਿਕਸਤ ਅਤੇ ਲਾਂਚ ਕਰਨ ਲਈ 7000 ਤੋਂ ਵੱਧ ਟੀਮਾਂ ਨੂੰ 16-16 ਹਜ਼ਾਰ ਰੁਪਏ ਦੀ ਸੀਡ ਫੰਡਿੰਗ ਪ੍ਰਦਾਨ ਕੀਤੀ ਹੈ। ਐਕਸਪੋ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਉਤਪਾਦਾਂ ਲਈ ਬਾਜ਼ਾਰ ਦੇ ਮੌਕਿਆਂ ਦੀ ਪਛਾਣ ਕਰਨਾ ਅਤੇ ਮਾਲੀਆ ਤੇ ਮੁਨਾਫ਼ਾ ਕਮਾਉਣ ਲਈ ਉਨ੍ਹਾਂ ਨੂੰ ਅਸਲ ਗਾਹਕਾਂ ਨਾਲ ਜੋੜਨਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਬਿਜ਼ਨਸ ਬਲਾਸਟਰ ਪਹਿਲਕਦਮੀ ਰਾਹੀਂ ਵਿਦਿਆਰਥੀਆਂ ਨੂੰ ਵਿਹਾਰਕ, ਟੀਮ-ਅਧਾਰਤ ਸਿਖਲਾਈ, ਸੰਚਾਰ ਵਿੱਚ ਜ਼ਰੂਰੀ ਹੁਨਰਾਂ ਨੂੰ ਵਿਕਸਿਤ ਕਰਨ, ਅਸਲ-ਸੰਸਾਰ ਦੇ ਵਪਾਰਕ ਤਜਰਬਿਆਂ ਰਾਹੀਂ ਸਮੱਸਿਆ ਹੱਲ ਕਰਨ ਅਤੇ ਵਿੱਤੀ ਪ੍ਰਬੰਧਨ ਨਾਲ ਸਮਰੱਥ ਬਣਾਇਆ ਗਿਆ ਹੈ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਵਿਕਸਤ ਕੀਤੇ ਗਏ ਬਹੁਤ ਸਾਰੇ ਉੱਦਮ ਪਹਿਲਾਂ ਹੀ ਮਾਲੀਆ ਪੈਦਾ ਕਰ ਰਹੇ ਹਨ ਅਤੇ ਕਾਰਜਸ਼ੀਲਤਾ ਵਿੱਚ ਵਾਧਾ ਕਰ ਰਹੇ ਹਨ।
ਪ੍ਰੈਸ ਕਾਨਫਰੰਸ ਦੌਰਾਨ ਸ. ਬੈਂਸ ਨੇ ਚਾਰ ਟੀਮਾਂ ਨੂੰ ਮੀਡੀਆ ਨਾਲ ਜਾਣੂ ਕਰਵਾਇਆ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਨਵੀਨਤਾਕਾਰੀ ਉਤਪਾਦਾਂ ਨੂੰ ਦਿਖਾਇਆ। ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਇੱਕ ਟੀਮ ਨੇ "ਕ੍ਰਿਏਟਿਵ ਗਰਲਜ਼" - ਇੱਕ ਰੈਜ਼ਿਨ-ਅਧਾਰਤ ਕੋਸਟਰ, ਕੀਚੇਨ ਅਤੇ ਮੋਮਬੱਤੀ ਮੋਲਡ- ਉਤਪਾਦ ਤਿਆਰ ਕੀਤਾ। ਟੀਮ ਪਹਿਲਾਂ ਹੀ 250 ਤੋਂ ਵੱਧ ਯੂਨਿਟਾਂ ਵੇਚ ਚੁੱਕੀ ਹੈ।
ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਠਾਨਕੋਟ ਦੀ ਟੀਮ ਨੇ ਇੱਕ "ਈ-ਮੋਸ਼ਨ ਬਾਈਕ" ਬਣਾਈ ਜੋ ਰੀਚਾਰਜ ਕਰਨ ਯੋਗ ਇਲੈਕਟ੍ਰਿਕ ਸਾਈਕਲ ਹੈ। ਇਹ ਊਰਜਾ ਕੁਸ਼ਲ ਸਾਈਕਲ ਸ਼ਹਿਰੀ ਆਵਾਜਾਈ ਲਈ ਤਿਆਰ ਕੀਤੀ ਗਈ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੀ ਟੀਮ ਨੇ ਰਵਾਇਤੀ ਸਮੱਗਰੀਆਂ ਦੀ ਵਰਤੋਂ ਕਰਕੇ "ਹਰਬਲ ਸ਼ਾਈਨ": ਰਸਾਇਣ-ਮੁਕਤ ਹਰਬਲ ਸ਼ੈਂਪੂ ਬਣਾਇਆ। ਟੀਮ ਪਹਿਲਾਂ ਹੀ 80 ਯੂਨਿਟਾਂ ਵੇਚ ਚੁੱਕੀ ਹੈ ਅਤੇ ਗਾਹਕਾਂ ਤੋਂ ਸਕਾਰਾਤਮਕ ਫੀਡਬੈਕ ਪ੍ਰਾਪਤ ਕਰ ਚੁੱਕੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਦੀ ਟੀਮ ਨੇ ਐਲ.ਈ.ਡੀ., ਸ਼ੌਕ ਪੁਆਇੰਟ ਅਤੇ ਛੁਪੇ ਹੋਏ ਬਲੇਡ ਵਾਲੀ ਸਵੈ-ਰੱਖਿਆ ਸਟਿੱਕ "ਡਿਫੈਂਡ-ਐਕਸ ਸਟਿੱਕ" ਬਣਾਈ। ਇਹ ਉਤਪਾਦ ਔਰਤਾਂ, ਬਜ਼ੁਰਗ ਨਾਗਰਿਕਾਂ ਆਦਿ ਨੂੰ ਆਪਣੇ ਸੰਭਾਵੀ ਖਰੀਦਦਾਰਾਂ ਵਜੋਂ ਟੀਚਾਗਤ ਕਰਕੇ ਤਿਆਰ ਕੀਤਾ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੋਗਾ ਦੀ ਟੀਮ ਨੇ ਬੀ.ਬੀ. ਚੋਕੋ ਡ੍ਰੀਮਜ਼: ਰੀਜ਼ਰਵੇਟਿਵ-ਰਹਿਤ ਚਾਕਲੇਟ ਤਿਆਰ ਕੀਤੇ ਹਨ। ਟੀਮਾਂ ਪਹਿਲਾਂ ਹੀ 4,000 ਰੁਪਏ ਤੋਂ ਵੱਧ ਦਾ ਮੁਨਾਫਾ ਕਮਾ ਚੁੱਕੀਆਂ ਹਨ।
ਸ. ਬੈਂਸ ਨੇ ਕਿਹਾ ਕਿ ਭਾਰਤ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਕਾਰੋਬਾਰ ਅਤੇ ਆਰਥਿਕ ਵਿਕਾਸ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਸਕੂਲਾਂ ਤੋਂ ਹੀ ਉੱਦਮੀ ਮਾਨਸਿਕਤਾ ਵਿਕਸਿਤ ਕਰ ਰਹੀ ਹੈ।
Powered by Froala Editor
First-In-Punjab-Govt-School-Youngpreneurs-To-Pitch-Startups-At-Biz-Blasters-Expo
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)