ਪਾਰਦਰਸ਼ੀ ਪ੍ਰਕਿਰਿਆ ਰਾਹੀਂ 26.24 ਲੱਖ ਰੁਪਏ ਦੀ ਆਮਦਨ, ਥਾਣਿਆਂ ਵਿੱਚ ਖਾਲੀ ਹੋਈ ਜਗ੍ਹਾ
ਫਰੀਦਕੋਟ, 30 ਅਪ੍ਰੈਲ (ਮਨਜੀਤ ਸਿੰਘ ਢੱਲਾ) : ਜ਼ਿਲ੍ਹਾ ਫਰੀਦਕੋਟ ਪੁਲਿਸ ਵੱਲੋਂ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਂਦੇ ਹੋਏ ਪੁਲਿਸ ਲਾਈਨ ਵਿਖੇ 161 ਲਾਵਾਰਿਸ ਅਤੇ ਜਬਤ ਵਾਹਨਾਂ ਦੀ ਖੁੱਲ੍ਹੀ ਨਿਲਾਮੀ ਕੀਤੀ ਗਈ। ਇਸ ਨਿਲਾਮੀ ਰਾਹੀਂ ਕੁੱਲ 26 ਲੱਖ 24 ਹਜ਼ਾਰ ਰੁਪਏ ਦੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਨਿਲਾਮੀ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਵਾਹਨ ਡਿਸਪੋਜ਼ਲ ਕਮੇਟੀ ਦੀ ਮੌਜੂਦਗੀ ਵਿੱਚ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਹ ਵਾਹਨ ਵੱਖ-ਵੱਖ ਥਾਣਿਆਂ ਸਦਰ ਕੋਟਕਪੂਰਾ, ਬਾਜਾਖਾਨਾ ਅਤੇ ਸਿਟੀ ਫਰੀਦਕੋਟ ਵਿੱਚ ਦਰਜ ਐਨ.ਡੀ.ਪੀ.ਐਸ ਅਤੇ ਹੋਰ ਮਾਮਲਿਆਂ ਨਾਲ ਸਬੰਧਿਤ ਸਨ।
ਐਸ.ਐਸ.ਪੀ ਨੇ ਕਿਹਾ ਕਿ ਇਹ ਵਾਹਨ ਲੰਬੇ ਸਮੇਂ ਤੋਂ ਥਾਣਿਆਂ ਵਿੱਚ ਪਏ ਹੋਏ ਸਨ ਅਤੇ ਕਿਸੇ ਵੀ ਵਿਅਕਤੀ ਵੱਲੋਂ ਇਨ੍ਹਾਂ ਨੂੰ ਕਲੇਮ ਨਹੀਂ ਕੀਤਾ ਗਿਆ ਸੀ। ਸਮੇਂ ਦੇ ਨਾਲ ਇਹ ਵਾਹਨ ਵਰਤੋਂ ਯੋਗ ਨਾ ਰਹਿ ਕੇ ਸਕਰੈਪ ਦੀ ਹਾਲਤ ਵਿੱਚ ਪਹੁੰਚ ਚੁੱਕੇ ਸਨ, ਜਿਸ ਕਾਰਨ ਥਾਣਿਆਂ ਅਤੇ ਪੁਲਿਸ ਲਾਈਨ ਵਿੱਚ ਬੇਵਜ੍ਹਾ ਜਗ੍ਹਾ ਘੇਰੀ ਹੋਈ ਸੀ।
ਡੀ.ਐਸ.ਪੀ (ਸਥਾਨਿਕ) ਨਵੀਨ ਕੁਮਾਰ ਨੇ ਦੱਸਿਆ ਕਿ ਨਿਲਾਮ ਕੀਤੇ ਗਏ ਕੁੱਲ 161 ਵਾਹਨਾਂ ਵਿੱਚੋਂ 37 ਚਾਰ ਪਹੀਆ ਅਤੇ 124 ਦੋ ਪਹੀਆ ਵਾਹਨ ਸ਼ਾਮਲ ਸਨ। ਇਸ ਨਿਲਾਮੀ ਵਿੱਚ 54 ਬੋਲੀਦਾਤਾਵਾਂ ਨੇ ਭਾਗ ਲਿਆ ਅਤੇ ਸਭ ਤੋਂ ਉੱਚੀ ਬੋਲੀ 26 ਲੱਖ 24 ਹਜ਼ਾਰ ਰੁਪਏ ਰਹੀ।
ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਡੀ ਆਮਦਨ ਹੋਈ ਹੈ ਅਤੇ ਨਾਲ ਹੀ ਥਾਣਿਆਂ ਵਿੱਚ ਕਾਫੀ ਜਗ੍ਹਾ ਖਾਲੀ ਹੋਈ ਹੈ, ਜਿਸਨੂੰ ਹੁਣ ਹੋਰ ਜਰੂਰੀ ਕੰਮਾਂ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਬਾਕੀ ਰਹਿੰਦੇ ਵਾਹਨਾਂ ਦੀ ਨਿਲਾਮੀ ਲਈ ਵੀ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਅਗਲੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।