• ਐਨ.ਡੀ.ਸੀ. ਦੇ ਵਫ਼ਦ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ • ਮੁੱਖ ਮੰਤਰੀ ਨੇ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ** ਚੰਡੀਗੜ੍ਹ, 4 ਫਰਵਰੀ** ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਸ਼ਮੂਲੀਅਤ ਵਿੱਚ ਵਾਧਾ ਕਰਨ ਉਤੇ ਸੂਬਾ ਸਰਕਾਰ ਵੱਧ ਧਿਆਨ ਦੇਵੇਗੀ। ਨੈਸ਼ਨਲ ਡਿਫੈਂਸ ਕਾਲਜ ਦੇ ਕਮਾਂਡੈਂਟ ਏਅਰ ਮਾਰਸ਼ਲ ਹਰਦੀਪ ਬੈਂਸ ਏ.ਵੀ.ਐਸ.ਐਮ., ਵੀ.ਐਸ.ਐਮ., ਦੀ ਅਗਵਾਈ ਵਿੱਚ ਆਏ ਵਫ਼ਦ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਸ਼ਾਨਾਮੱਤਾ ਇਤਿਹਾਸ ਹੈ ਕਿ ਇਸ ਦੇ ਜਵਾਨਾਂ ਨੇ ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਾਲੀਆ ਸਮੇਂ ਵਿੱਚ ਇਹ ਰੁਝਾਨ ਘਟਿਆ ਹੈ ਪਰ ਸੂਬਾ ਸਰਕਾਰ ਨੌਜਵਾਨਾਂ ਨੂੰ ਹਥਿਆਰਬੰਦ ਦਸਤਿਆਂ ਵਿੱਚ ਭਰਤੀ ਲਈ ਪ੍ਰੇਰਿਤ ਕਰਨ ਵਾਸਤੇ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਥਾਪਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਸੀ-ਪਾਈਟ ਸੈਂਟਰਾਂ ਵੱਲੋਂ ਇਸ ਦਿਸ਼ਾ ਵਿੱਚ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੰਨਦਾਤਾ ਹੋਣ ਦੇ ਨਾਲ-ਨਾਲ ਪੰਜਾਬ ਨੂੰ ਦੇਸ਼ ਦੀ ਖੜਗਭੁਜਾ ਹੋਣ ਦਾ ਵੀ ਮਾਣ ਹਾਸਲ ਹੈ ਅਤੇ ਪੰਜਾਬ ਦੇ ਲੋਕ ਆਪਣੀ ਹਿੰਮਤ ਅਤੇ ਉੱਦਮ ਦੀ ਭਾਵਨਾ ਲਈ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਦੇ ਇਕ-ਇਕ ਇੰਚ ਨੂੰ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਹੈ, ਜਿਨ੍ਹਾਂ ਨੇ ਸਾਨੂੰ ਜਬਰ, ਜੁਲਮ ਅਤੇ ਬੇਇਨਸਾਫ਼ੀ ਦਾ ਵਿਰੋਧ ਕਰਨ ਦਾ ਰਾਹ ਦਿਖਾਇਆ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬੇ ਦੀ ਪਾਕਿਸਤਾਨ ਨਾਲ 532 ਕਿਲੋਮੀਟਰ ਦੀ ਸਰਹੱਦ ਲੱਗਦੀ ਹੈ, ਜਿਸ ਕਾਰਨ ਹਥਿਆਰਬੰਦ ਬਲਾਂ ਦਾ ਸਹਿਯੋਗ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਵਿੱਚ ਹਥਿਆਰਬੰਦ ਬਲਾਂ, ਅਰਧ ਸੈਨਿਕ ਬਲਾਂ, ਪੁਲਿਸ ਅਤੇ ਇੱਥੋਂ ਤੱਕ ਕਿ ਅਗਨੀਵੀਰਾਂ ਦੇ ਵਡਮੁੱਲੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸੂਬਾ ਸਰਕਾਰ ਜਵਾਨਾਂ ਦੇ ਡਿਊਟੀ ਦੌਰਾਨ ਸ਼ਹੀਦ ਹੋਣ ਦੀ ਸੂਰਤ ਵਿੱਚ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸੈਨਿਕਾਂ (ਹਥਿਆਰਬੰਦ ਬਲਾਂ, ਅਰਧ ਸੈਨਿਕ ਬਲਾਂ ਅਤੇ ਪੁਲਿਸ ਦੇ ਜਵਾਨਾਂ) ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੇ ਅਨੁਕੂਲ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਵੱਲੋਂ ਕੀਤਾ ਗਿਆ ਇਹ ਨਿਮਾਣਾ ਜਿਹਾ ਉਪਰਾਲਾ ਇਕ ਪਾਸੇ ਪੀੜਤ ਪਰਿਵਾਰ ਦੀ ਮਦਦ ਕਰਦਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬਾਈ ਅਤੇ ਕੌਮੀ ਰਾਜ ਮਾਰਗਾਂ `ਤੇ ਸੁਰੱਖਿਆ ਯਕੀਨੀ ਬਣਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਦੇਸ਼ ਵਿੱਚ ਆਪਣੀ ਕਿਸਮ ਦੀ ਨਿਵੇਕਲੀ ਪਹਿਲਕਦਮੀ ਤਹਿਤ ਸਮਰਪਿਤ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਸਮੇਤ ਵਿਸ਼ੇਸ਼ ਤੌਰ `ਤੇ ਸਿਖਲਾਈ ਪ੍ਰਾਪਤ ਨਵੇਂ ਭਰਤੀ ਕੀਤੇ 1597 ਜਵਾਨ ਇਸ ਫੋਰਸ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ 144 ਵਾਹਨ ਮੁਹੱਈਆ ਕਰਵਾਏ ਗਏ ਹਨ ਅਤੇ ਪਿਛਲੇ ਸਾਲ ਫਰਵਰੀ ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਸੂਬੇ ਵਿੱਚ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿਚ 48 ਫੀਸਦੀ ਕਮੀ ਆਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟ੍ਰੈਫਿਕ ਹਾਦਸਿਆਂ ਦੇ ਖ਼ਤਰੇ ਵਾਲੇ 4200 ਕਿਲੋਮੀਟਰ ਹਾਈਵੇਅ `ਤੇ ਫੋਰਸ ਤਾਇਨਾਤ ਕੀਤੀ ਗਈ ਹੈ, ਜੋ ਆਪਣੇ ਨਿਰਧਾਰਤ ਖੇਤਰਾਂ ਵਿੱਚ ਗਸ਼ਤ ਕਰਨ ਦੇ ਨਾਲ-ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਦੀ ਹੈ। ਡੈਲੀਗੇਟਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 3 ਤੋਂ 7 ਫਰਵਰੀ ਤੱਕ ਸੂਬੇ ਦਾ ਦੌਰਾ ਕਰ ਰਹੇ ਮਿਲਟਰੀ, ਸਿਵਲ ਸਰਵਿਸਜ਼ ਅਤੇ ਵਿਦੇਸ਼ੀ ਮੁਲਕਾਂ ਦੇ ਬ੍ਰਿਗੇਡੀਅਰ/ਜੁਆਇੰਟ ਸਕੱਤਰ ਪੱਧਰ ਦੇ 6 ਵਿਦੇਸ਼ੀ ਡੈਲੀਗੇਟਾਂ ਸਮੇਤ 15 ਅਧਿਕਾਰੀਆਂ ਵਾਲੇ ਇਸ ਵਫ਼ਦ ਦਾ ਸਵਾਗਤ ਕਰ ਕੇ ਪੰਜਾਬ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਦੌਰਾ ਡੈਲੀਗੇਟਾਂ ਨੂੰ ਸੂਬੇ ਨੂੰ ਜਾਣਨ ਅਤੇ ਸਮਾਜਿਕ-ਰਾਜਨੀਤਕ-ਆਰਥਿਕ, ਸੱਭਿਆਚਾਰਕ ਅਤੇ ਧਾਰਮਿਕ ਪਹਿਲੂਆਂ ਦੀ ਘੋਖ ਕਰਨ ਦਾ ਮੌਕਾ ਦੇਵੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਦੌਰਾ ਸੂਬਾ ਪੱਧਰ ਅਤੇ ਪਿੰਡ ਪੱਧਰ ਤੱਕ ਪ੍ਰਸ਼ਾਸਨ, ਸ਼ਾਸਨ ਅਤੇ ਅਮਨ-ਕਾਨੂੰਨ ਨੂੰ ਲਾਗੂ ਕਰਨ ਦੀਆਂ ਚੁਣੌਤੀਆਂ ਬਾਰੇ ਵੀ ਡੈਲੀਗੇਟਾਂ ਨੂੰ ਜਾਣੂੰ ਕਰਵਾਏਗਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਡੈਲੀਗੇਟ, ਸਮਾਜਿਕ ਵਿਕਾਸ, ਪੰਚਾਇਤੀ ਰਾਜ, ਕਾਨੂੰਨ ਅਤੇ ਵਿਵਸਥਾ ਅਤੇ ਸਮਾਜਿਕ ਵਿਕਾਸ ਲਈ ਸਰਕਾਰ ਦੁਆਰਾ ਸਪਾਂਸਰ ਕੀਤੇ ਵੱਖ-ਵੱਖ ਪ੍ਰੋਗਰਾਮਾਂ ਸਮੇਤ ਵਿਕਾਸ ਦੇ ਵੱਖ-ਵੱਖ ਪਹਿਲੂਆਂ ਔਰਤਾਂ ਦਾ ਸ਼ਕਤੀਕਰਨ, ਸਿਹਤ/ਖੇਤੀਬਾੜੀ/ਸਿੱਖਿਆ/ਊਰਜਾ ਖੇਤਰ ਅਤੇ ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਅਤੇ ਹੋਰਾਂ ਦਾ ਕੰਮਕਾਜ ਨੇੜਿਓਂ ਦੇਖਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਇਨ੍ਹਾਂ ਪਤਵੰਤਿਆਂ ਸਾਹਮਣੇ ਪੇਸ਼ ਕਰਨ ਅਤੇ ਉਨ੍ਹਾਂ ਦੀ ਠਹਿਰ ਦੌਰਾਨ ਉਨ੍ਹਾਂ ਦੀ ਨਿੱਘੀ ਪ੍ਰਾਹੁਣਾਚਾਰੀ ਨੂੰ ਯਕੀਨੀ ਬਣਾਉਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਵਿੱਚ ਆਰਾਮਦਾਇਕ ਠਹਿਰਾਅ ਦਾ ਭਰੋਸਾ ਦੇਣ ਤੋਂ ਇਲਾਵਾ ਮਹਿਮਾਨਾਂ ਨੂੰ ਅਮੀਰ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਦਿਖਾਈ ਜਾਵੇਗੀ। ਇਸ ਵਫ਼ਦ ਵਿੱਚ ਸ੍ਰੀਲੰਕਾ, ਮਿਸਰ, ਕੋਰੀਆ, ਓਮਾਨ, ਰੂਸ ਸਮੇਤ ਛੇ ਮੁਲਕਾਂ ਦੇ ਸ਼ਾਮਲ ਅਫ਼ਸਰਾਂ ਨੇ ਹਥਿਆਰਬੰਦ ਬਲਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)