ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਨੀਵਾਰ ਨੂੰ ਪਰਮ ਵੀਰ ਚੱਕਰ ਪ੍ਰਾਪਤ ਸ਼ਹੀਦ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀਆਂ ਭੇਟ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਦਾਖਾ ਦੇ ਪਿੰਡ ਈਸੇਵਾਲ ਦੇ ਵਸਨੀਕ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਨੇ 1971 ਦੀ ਭਾਰਤ-ਪਾਕਿ ਜੰਗ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।
ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਅਤੇ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ। ਸਮਾਰੋਹ ਦੌਰਾਨ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।
17 ਜੁਲਾਈ, 1943 ਨੂੰ ਜਨਮੇ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਨੂੰ 4 ਜੁਲਾਈ, 1967 ਨੂੰ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨ ਮਿਲਿਆ ਸੀ। 1971 ਦੀ ਭਾਰਤ-ਪਾਕਿ ਜੰਗ ਦੌਰਾਨ, 14 ਦਸੰਬਰ, 1971 ਨੂੰ ਸ੍ਰੀਨਗਰ ਏਅਰ ਫੀਲਡ 'ਤੇ ਛੇ ਪਾਕਿਸਤਾਨੀ ਜਹਾਜ਼ਾਂ ਨੇ ਹਮਲਾ ਕੀਤਾ ਸੀ।
ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੇ ਹਮਲੇ ਦੇ ਬਾਵਜੂਦ ਬੇਮਿਸਾਲ ਉਡਾਣ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਦੁਸ਼ਮਣ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਉਡਾਣ ਭਰੀ। ਇਸ ਅਫਸਰ ਨੇ ਪਾਕਿਸਤਾਨੀ ਹਮਲੇ ਨੂੰ ਨਾਕਾਮ ਕਰਨ ਲਈ ਅਤਿਅੰਤ ਹਿੰਮਤ, ਬਹਾਦਰੀ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ ਅਤੇ ਦੁਸ਼ਮਣ ਦੇ ਦੋ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਜਿਸ ਨਾਲ ਦੁਸ਼ਮਣ ਨੂੰ ਵਾਪਸ ਪਰਤਣਾ ਪਿਆ ਸੀ।
ਭਾਰੀ ਗਿਣਤੀ ਤੋਂ ਘੱਟ ਹੋਣ ਕਰਕੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੇ ਅੰਤ ਵਿੱਚ ਦੁਸ਼ਮਣ ਨਾਲ ਲੜਦੇ ਹੋਏ ਦੇਸ਼ ਦੀ ਸੇਵਾ ਵਿੱਚ ਸਰਵਉੱਚ ਕੁਰਬਾਨੀ ਦੇ ਦਿੱਤੀ।