*ਕਰਨਲ ਜੋਸ਼ੀ ਵਲੋਂ ਸੁਤੰਤਰਤਾ ਦਿਵਸ ਤੇ ਮੁੱਖ ਮੰਤਰੀ ਨੂੰ ਸਲਾਮੀ ਦੇਣ ਵਾਲੇ ਕੈਡਿਟਾਂ ਦਾ ਸਨਮਾਨ*
Aug22,2024
| Parvinder Jit Singh | Bathinda
78ਵੇਂ ਸੁਤੰਤਰਤਾ ਦਿਵਸ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਸਲਾਮੀ ਦੇਣ ਵਾਲੇ ਐੱਨ ਸੀ ਸੀ ਕੈਡਿਟਾਂ ਦੀ ਟੁਕੜੀ ਨੂੰ 2 ਪੰਜਾਬ ਐੱਨ ਸੀ ਸੀ ਬਟਾਲੀਅਨ ਹੈੱਡਕੁਆਰਟਰ ਵਿਖੇ ਸਨਮਾਨਿਤ ਕੀਤਾ ਗਿਆ
ਬਠਿੰਡਾ (ਪਰਵਿੰਦਰ ਜੀਤ ਸਿੰਘ)। ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਤੋਂ ਚੁਣੇ ਗਏ 35 ਕੈਡਿਟਾਂ ਨੂੰ ਕਮਾਂਡਿੰਗ ਅਫ਼ਸਰ ਵੱਲੋਂ ਐੱਨ ਸੀ ਸੀ ਟਰੈਕ ਸੂਟ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ। ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਹਰ ਸਾਲ ਸੁਤੰਤਰਤਾ ਦਿਵਸ ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਐੱਨ ਸੀ ਸੀ ਦੀਆਂ ਦੋ ਟੁਕੜੀਆਂ ਹਿੱਸਾ ਲੈਂਦੀਆਂ ਹਨ, ਜਿਨ੍ਹਾਂ 'ਚੋਂ ਇਕ ਟੁਕੜੀ ਗਰਲਜ਼ ਬਟਾਲੀਅਨ ਦੀ ਹੁੰਦੀ ਹੈ। ਸਲਾਮੀ ਦਾ ਦਸਤਾ ਸਿਰਫ਼ ਦਸ ਦਿਨਾਂ ਵਿੱਚ ਚੋਣ ਅਤੇ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਜਾਂਦਾ ਹੈ। 100 ਤੋਂ ਵੱਧ ਕੈਡਿਟਾਂ ਨੇ ਮਾਰਚ ਪਾਸਟ ਵਿੱਚ ਭਾਗ ਲੈਣਾ ਚਾਹਿਆ। ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਅਤੇ ਕੱਦ-ਕਾਠ ਦੇ ਹਿਸਾਬ ਨਾਲ 35 ਕੈਡਿਟਾਂ ਨੂੰ ਡਰਿੱਲ ਦਸਤੇ ਵਿੱਚ ਚੁਣਿਆ ਗਿਆ। ਕਰਨਲ ਜੋਸ਼ੀ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਤੇ ਕੁੱਲ 7 ਡਰਿੱਲ ਟੁਕੜੀਆਂ ਨੇ ਮੁੱਖ ਮੰਤਰੀ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਲਾਮੀ ਦਿੱਤੀ। ਬ੍ਰਿਗੇਡੀਅਰ ਅਜੇ ਤਿਵਾੜੀ, ਸੈਨਾ ਮੈਡਲ, ਗਰੁੱਪ ਕਮਾਂਡਰ ਐਨ ਸੀ ਸੀ ਜਲੰਧਰ ਗਰੁੱਪ ਅਤੇ ਕਰਨਲ ਐੱਮ ਐੱਸ ਸਚਦੇਵ, ਕਮਾਂਡਿੰਗ ਅਫਸਰ, 2 ਗਰਲਜ਼ ਐਨ ਸੀ ਸੀ ਬਟਾਲੀਅਨ ਵੀ ਹਾਜ਼ਰ ਸਨ। ਸੱਤ ਡਰਿੱਲ ਦਸਤਿਆਂ ਵਿੱਚ ਪੰਜਾਬ ਆਰਮਡ ਪੁਲਿਸ, ਪੰਜਾਬ ਪੁਲਿਸ, ਆਈ ਟੀ ਬੀ ਪੀ, ਸੀ ਆਰ ਪੀ ਐੱਫ, ਚੰਡੀਗੜ੍ਹ ਪੁਲਿਸ, 2 ਪੰਜਾਬ ਐਨ ਸੀ ਸੀ ਬਟਾਲੀਅਨ ਅਤੇ 2 ਪੰਜਾਬ ਗਰਲਜ਼ ਐਨ ਸੀ ਸੀ ਬਟਾਲੀਅਨ ਸ਼ਾਮਲ ਹਨ। ਮੁੱਖ ਮੰਤਰੀ ਨੇ ਐੱਨ ਸੀ ਸੀ ਕੈਡਿਟਾਂ ਨਾਲ ਗੱਲਬਾਤ ਕਰਦਿਆਂ ਕੈਡਿਟਾਂ ਨੂੰ ਕਿਹਾ ਕਿ ਤੁਸੀਂ ਸਖ਼ਤ ਮਿਹਨਤ ਅਤੇ ਲਗਨ ਨਾਲ ਪੰਜਾਬ ਨੂੰ ਅੱਗੇ ਲਿਜਾਣਾ ਹੈ। ਸਾਂਝੀ ਫੋਟੋ ਤੋਂ ਬਾਅਦ ਮੁੱਖ ਮੰਤਰੀ ਨੇ ਕੈਡਿਟਾਂ ਨੂੰ ਵਧੀਆ ਡਰਿੱਲ ਕਰਨ ਲਈ ਵਧਾਈ ਵੀ ਦਿੱਤੀ। ਬ੍ਰਿਗੇਡੀਅਰ ਅਜੈ ਤਿਵਾੜੀ ਨੇ ਕੈਡਿਟਾਂ ਨੂੰ ਗਣਤੰਤਰ ਦਿਵਸ ਵਰਗੇ ਰਾਸ਼ਟਰੀ ਕੈਂਪਾਂ ਵਿੱਚ ਭਾਗ ਲੈਣ ਅਤੇ ਕਮਿਸ਼ਨਡ ਅਫਸਰ ਬਣਨ ਲਈ ਪ੍ਰੇਰਿਤ ਕੀਤਾ। 2 ਪੰਜਾਬ ਐਨ ਸੀ ਸੀ ਬਟਾਲੀਅਨ ਦੀ ਡਰਿੱਲ ਟੁਕੜੀ ਦੇ ਪਰੇਡ ਕਮਾਂਡਰ ਅੰਡਰ ਅਫਸਰ ਪ੍ਰਿੰਸ ਸਨ, ਜੋ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਹਨ। ਡਰਿੱਲ ਇੰਸਟ੍ਰਕਟਰਾਂ ਸੂਬੇਦਾਰ ਚਰਨਜੀਤ ਸਿੰਘ ਅਤੇ ਡਰਿੱਲ ਹਵਲਦਾਰ ਗੁਰਚਰਨ ਸਿੰਘ ਨੇ ਡਰਿੱਲ ਟੁਕੜੀ ਨੂੰ ਵਧੀਆ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
Powered by Froala Editor
78th-Independence-Day-Ncc-Cadets-2-Punjab-Ncc-Battalion-Bathinda-