*ਆਰ.ਆਈ.ਐਮ.ਸੀ. ਦੇਹਰਾਦੂਨ ਨੇ ਜੁਲਾਈ 2025 ਟਰਮ ਲਈ ਅਰਜ਼ੀਆਂ ਮੰਗੀਆਂ; ਚੰਡੀਗੜ੍ਹ ਵਿਖੇ 1 ਦਸੰਬਰ 2024 ਨੂੰ ਹੋਵੇਗੀ ਪ੍ਰੀਖਿਆ* *ਚੰਡੀਗੜ੍ਹ, 23 ਜੁਲਾਈ:* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਤਿਹਾਸਕ ਅਤੇ ਅਹਿਮ ਸੂਬੇ ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਠੋਸ ਉਪਰਾਲੇ ਕਰ ਰਹੀ ਹੈ। ਮਾਨ ਸਰਕਾਰ ਪੰਜਾਬ ਅੰਦਰ ਨੌਕਰੀਆਂ ਦੇ ਬੇਸ਼ੁਮਾਰ ਮੌਕੇ ਪੈਦਾ ਕਰਨ ਸਣੇ ਸੂਬੇ ਦੇ ਨੌਜਵਾਨਾਂ ਲਈ ਫ਼ੌਜ ਵਿੱਚ ਉਚੇ ਅਹੁਦੇ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਰੱਖਿਆ ਅਕੈਡਮੀਆਂ 'ਚ ਤਿਆਰੀ ਕਰਨ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ। ਇਸੇ ਲੜੀ ਤਹਿਤ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੱਸਿਆ ਕਿ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ ਦੇਹਰਾਦੂਨ, ਉੱਤਰਾਖੰਡ ਵੱਲੋਂ ਜੁਲਾਈ 2025 ਟਰਮ ਵਾਸਤੇ ਦਾਖ਼ਲੇ ਲਈ ਲਿਖਤੀ ਪ੍ਰੀਖਿਆ 1 ਦਸੰਬਰ 2024 (ਐਤਵਾਰ) ਨੂੰ ਚੰਡੀਗੜ੍ਹ ਦੇ ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੋਵੇਂ ਹੀ ਆਰ.ਆਈ.ਐਮ.ਸੀ, ਦੇਹਰਾਦੂਨ ਵਿੱਚ ਦਾਖ਼ਲੇ ਲਈ ਅਪਲਾਈ ਕਰਨ ਦੇ ਯੋਗ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੈਡਿਟਾਂ ਨੂੰ ਪ੍ਰਤੀ ਕੈਡਿਟ ਪ੍ਰਤੀ ਸਾਲ 48,000 ਰੁਪਏ ਵਜ਼ੀਫ਼ਾ ਰਾਸ਼ੀ ਵਜੋਂ ਦਿੱਤੇ ਜਾਂਦੇ ਹਨ। ਸ. ਚੇਤਨ ਸਿੰਘ ਜੌੜਾਮਾਜਰਾ ਦੱਸਿਆ ਕਿ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦਾ ਜਨਮ 2 ਜੁਲਾਈ, 2012 ਤੋਂ 1 ਜਨਵਰੀ, 2014 ਦਰਮਿਆਨ ਹੋਇਆ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੋਵੇ ਜਾਂ ਸੱਤਵੀਂ ਪਾਸ ਕਰ ਚੁੱਕਾ ਹੋਵੇ। ਚੁਣੇ ਗਏ ਉਮੀਦਵਾਰ ਨੂੰ ਅੱਠਵੀਂ ਜਮਾਤ ਵਿੱਚ ਦਾਖ਼ਲਾ ਦਿੱਤਾ ਜਾਵੇਗਾ। ਲਿਖਤੀ ਇਮਤਿਹਾਨ ਵਿੱਚ ਅੰਗਰੇਜ਼ੀ, ਗਣਿਤ ਅਤੇ ਸਧਾਰਣ ਗਿਆਨ ਦੇ ਤਿੰਨ ਪੇਪਰ ਸ਼ਾਮਲ ਹੋਣਗੇ। ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣ 'ਤੇ ਜ਼ੁਬਾਨੀ ਪ੍ਰੀਖਿਆ/ਇੰਟਰਵਿਊ ਲਈ ਜਾਵੇਗੀ ਜਿਸ ਸਬੰਧੀ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਸਪੈਕਟਸ-ਕਮ-ਅਰਜ਼ੀ ਫ਼ਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਆਰ.ਆਈ.ਐਮ.ਸੀ. ਦੇਹਰਾਦੂਨ ਦੀ ਵੈੱਬਸਾਈਟ www.rimc.gov.in ’ਤੇ ਜਨਰਲ ਉਮੀਦਵਾਰਾਂ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ ਉਮੀਦਵਾਰਾਂ ਲਈ 555 ਰੁਪਏ ਦੀ ਆਨਲਾਈਨ ਅਦਾਇਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਭੁਗਤਾਨ ਪ੍ਰਾਪਤ ਹੋਣ ’ਤੇ ਪ੍ਰਾਸਪੈਕਟਸ-ਕਮ-ਅਰਜ਼ੀ ਫ਼ਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਸਪੀਡ ਪੋਸਟ ਰਾਹੀਂ ਹੀ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਜਨਰਲ ਵਰਗ ਦੇ ਉਮੀਦਵਾਰ 600 ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ ਦੇ ਉਮੀਦਵਾਰ 555 ਰੁਪਏ ਦਾ ਬੈਂਕ ਡਰਾਫ਼ਟ "ਕਮਾਂਡੈਂਟ ਆਰ.ਆਈ.ਐਮ.ਸੀ. ਫ਼ੰਡ, ਡਰਾਵੀ ਸ਼ਾਖਾ, ਐਚ.ਡੀ.ਐਫ.ਸੀ. ਬੈਂਕ, ਬੱਲੂਪਰ ਚੌਕ, ਦੇਹਰਾਦੂਨ (ਬੈਂਕ ਕੋਡ-1399), ਉਤਰਾਖੰਡ" ਦੇ ਨਾਂ ਭੇਜ ਕੇ ਕਮਾਂਡੈਂਟ ਆਰ.ਆਈ.ਐਮ.ਸੀ, ਦੇਹਰਾਦੂਨ ਪਾਸੋਂ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫ਼ਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਮੰਗਵਾ ਸਕਦੇ ਹਨ। ਆਪਣੇ ਪਤੇ ਸਮੇਤ ਪਿੰਨ ਕੋਡ ਅਤੇ ਸੰਪਰਕ ਨੰਬਰ ਸਾਫ਼-ਸਾਫ਼ ਵੱਡੇ ਅੱਖਰਾਂ ਵਿੱਚ ਟਾਈਪ ਕੀਤਾ ਹੋਵੇ ਜਾਂ ਲਿਖਿਆ ਹੋਵੇ। ਇਸੇ ਦੌਰਾਨ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਬੀ.ਐਸ. ਢਿੱਲੋਂ ਨੇ ਦੱਸਿਆ ਕਿ ਅਰਜ਼ੀ ਦੋ ਪਰਤਾਂ ਵਿਚ ਹੋਵੇ ਜਿਸ ਨਾਲ ਬੱਚੇ ਦਾ ਜਨਮ ਸਰਟੀਫ਼ਿਕੇਟ, ਰਾਜ ਦਾ ਰਿਹਾਇਸ਼ੀ ਸਰਟੀਫ਼ਿਕੇਟ, ਅਨਸੂਚਿਤ ਜਾਤੀ/ਜਨਜਾਤੀਆਂ ਦੇ ਉਮੀਦਵਾਰਾਂ ਵੱਲੋਂ ਜਾਤੀ ਸਰਟੀਫ਼ਿਕੇਟ, ਤਿੰਨ ਪਾਸ-ਪੋਰਟ ਸਾਈਜ਼ ਤਸਵੀਰਾਂ, ਜਿਸ ਸੰਸਥਾ ਵਿੱਚ ਬੱਚਾ ਪੜ੍ਹਦਾ ਹੋਵੇ ਉਸ ਦੇ ਪ੍ਰਿੰਸੀਪਲ ਵੱਲੋਂ ਜਾਰੀ ਤਸਦੀਕਸ਼ੁਦਾ ਸਰਟੀਫ਼ਿਕੇਟ ਜਿਸ ਵਿੱਚ ਬੱਚੇ ਦੀ ਜਨਮ ਮਿਤੀ ਤੇ ਕਲਾਸ ਲਿਖੀ ਹੋਵੇ ਅਤੇ ਆਧਾਰ ਕਾਰਡ ਦੀ ਦੋਵੇਂ ਪਾਸੇ ਦੀ ਕਾਪੀ ਨਾਲ ਨੱਥੀ ਹੋਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਮੁਕੰਮਲ ਅਰਜ਼ੀਆਂ 30 ਸਤੰਬਰ, 2024 ਤੱਕ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ, ਪੰਜਾਬ ਸੈਨਿਕ ਭਵਨ, ਸੈਕਟਰ 21-ਡੀ, ਚੰਡੀਗੜ੍ਹ ਵਿਖੇ ਪਹੁੰਚਣੀਆਂ ਜ਼ਰੂਰੀ ਹਨ।
Chetan-Singh-Jauramajra-Minister-Punjab
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)