ਮੋਹਾਲੀ ਪੁਲਿਸ ਵੱਲੋਂ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਦੀ ਗੁੱਥੀ ਸੁਲਝਾਈ, ਮਹਿਲਾ ਮੁਲਜ਼ਮ ਗ੍ਰਿਫ਼ਤਾਰ
Nov19,2026
| Gurvinder Singh Mohali | Mohali
ਸੀ.ਸੀ.ਟੀ.ਵੀ. ਫੁਟੇਜ ਅਤੇ ਤਕਨੀਕੀ ਤੇ ਵਿਗਿਆਨਕ ਸਬੂਤਾਂ ਦੀ ਮਦਦ ਨਾਲ ਪੁਲਿਸ ਨੇ ਮਾਮਲਾ ਸੁਲਝਾਇਆ
ਮੋਹਾਲੀ 19 ਨਵੰਬਰ
ਗੁਰਵਿੰਦਰ ਸਿੰਘ
ਮੋਹਾਲੀ ਪੁਲਿਸ ਨੇ ਲਾਲੜੂ ਥਾਣਾ ਖੇਤਰ ਦੇ ਪਿੰਡ ਬੱਲੋਪੁਰ ਵਿਖੇ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਇੱਕ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਦਿਹਾਤੀ) ਐੱਸ.ਏ.ਐੱਸ. ਨਗਰ, ਜਸਪਿੰਦਰ ਸਿੰਘ ਗਿੱਲ, ਨੇ ਦੱਸਿਆ ਕਿ 15 ਨਵੰਬਰ 2026 ਨੂੰ ਗੁਰਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬੱਲੋਪੁਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਦੋ ਸਾਲਾ ਪੁੱਤਰ ਗੁਰਸਾਂਝ ਸਿੰਘ 14 ਨਵੰਬਰ ਨੂੰ ਦੁਪਹਿਰ ਕਰੀਬ 1:30 ਵਜੇ ਘਰ ਦੇ ਬਾਹਰ ਖੇਡਦਿਆਂ ਲਾਪਤਾ ਹੋ ਗਿਆ ਸੀ। ਬੱਚੇ ਦੀ ਭਾਲ ਦੌਰਾਨ 15 ਨਵੰਬਰ ਦੀ ਸਵੇਰ ਨੂੰ ਉਸ ਦੀ ਲਾਸ਼ ਗੁਆਂਢੀ ਰਾਜਬੀਰ ਸਿੰਘ ਦੇ ਘਰ ਦੀ ਛੱਤ ਤੋਂ ਬਰਾਮਦ ਹੋਈ ਸੀ। ਮੁੱਢਲੀ ਜਾਂਚ ਵਿੱਚ ਬੱਚੇ ਦਾ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ।
ਇਸ ਘਟਨਾ ਸਬੰਧੀ ਥਾਣਾ ਲਾਲੜੂ ਵਿਖੇ ਮੁਕੱਦਮਾ ਨੰਬਰ 243, ਮਿਤੀ 15 ਨਵੰਬਰ 2026, ਧਾਰਾ 140(1), 103(1) ਬੀ.ਐੱਨ.ਐੱਸ. ਤਹਿਤ ਦਰਜ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਅਤੇ ਮੁਲਜ਼ਮ ਦੀ ਪਛਾਣ ਲਈ ਐਸ ਐਸ ਪੀ ਸ੍ਰੀ ਵਰੁਣ ਸ਼ਰਮਾ ਦੀਆਂ ਹਦਾਇਤਾਂ ਤੇ ਸ੍ਰੀ ਜਸਪਿੰਦਰ ਸਿੰਘ ਗਿੱਲ, ਕਪਤਾਨ ਪੁਲਿਸ (ਦਿਹਾਤੀ) ਅਤੇ ਸ੍ਰੀ ਵਰਿੰਦਰ ਸਿੰਘ ਖੋਸਾ, ਉਪ ਕਪਤਾਨ ਪੁਲਿਸ (ਸਥਾਨਕ) ਦੀ ਨਿਗਰਾਨੀ ਹੇਠ ਇੰਸਪੈਕਟਰ ਪਰਦੀਪ ਸਿੰਘ ਬਾਜਵਾ, ਇੰਚਾਰਜ ਸੀ.ਆਈ.ਏ. ਸਟਾਫ਼, ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ ਸਪੈਸ਼ਲ ਸੈੱਲ ਮੋਹਾਲੀ ਅਤੇ ਇੰਸਪੈਕਟਰ ਆਕਾਸ਼ ਸ਼ਰਮਾ, ਮੁੱਖ ਅਫ਼ਸਰ ਥਾਣਾ ਲਾਲੜੂ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ।
ਪੁਲਿਸ ਟੀਮਾਂ ਵੱਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਗਈ। ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਪੜਤਾਲੇ ਜਾਣ ਤੋਂ ਇਲਾਵਾ ਹੋਰ ਤਕਨੀਕੀ ਅਤੇ ਵਿਗਿਆਨਕ ਸਬੂਤ ਵੀ ਇਕੱਠੇ ਕੀਤੇ ਗਏ। ਇਨ੍ਹਾਂ ਯਤਨਾਂ ਸਦਕਾ ਪੁਲਿਸ ਨੇ 19 ਨਵੰਬਰ 2026 ਨੂੰ ਸੋਨਿਕਾ ਪਤਨੀ ਰੇਸ਼ਮ ਵਾਸੀ ਪਿੰਡ ਬੱਲੋਪੁਰ, ਥਾਣਾ ਲਾਲੜੂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਬੱਚੇ ਨੂੰ ਅਗਵਾ ਕਰਕੇ ਉਸ ਦਾ ਕਤਲ ਕਰਨ ਅਤੇ ਬਾਅਦ ਵਿੱਚ ਲਾਸ਼ ਘਰ ਦੀ ਛੱਤ ਉੱਪਰ ਰੱਖਣ ਦੀ ਗੱਲ ਕਬੂਲ ਕੀਤੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਾ ਕੁਝ ਦਿਨ ਪਹਿਲਾਂ ਗਰਭਪਾਤ ਹੋਇਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿੱਚ ਸੀ। ਪੁਲਿਸ ਮੁਤਾਬਕ ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਗੁੱਸੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
Mohali-Police-Two-year-old-Child-Murder-Lalru-Murder-Case-Sonika-Arrested-Punjab-Crime-News