ਮੁੱਖ ਮੰਤਰੀ ਦੀ ਰਿਹਾਇਸ਼ ਤੇ Pca ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੰਜਾਬ ’ਚ ਹਾਈ ਅਲਰਟ
Aug31,2026
| Gurvinder Singh Mohali | Chandigarh
13 ਸਤੰਬਰ ਤੱਕ PCA ਸਟੇਡੀਅਮ ’ਚ ਮੈਚ ਦੇਖਣ ਨਾ ਜਾਣ ਦੀ ਧਮਕੀ
ਪੰਜਾਬ-ਹਰਿਆਣਾ ਸਕੱਤਰੇਤ ਤੇ ਵਿਧਾਨ ਸਭਾ ਵੀ ਨਿਸ਼ਾਨੇ ’ਤੇ
ਮੋਹਾਲੀ 31 ਅਗਸਤ
ਗੁਰਵਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅਤੇ ਪੀ ਸੀ ਏ ਕ੍ਰਿਕਟ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ ਮੇਲ ਮਿਲੀ ਹੈ। ਇਸ ਸੂਚਨਾ ਤੋਂ ਬਾਅਦ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੁਲੀਸ ਪ੍ਰਸ਼ਾਸਨ ਹਾਈ ਅਲਰਟ ਤੇ ਹੈ।
ਇਹ ਧਮਕੀ ਭਰੀ ਈ-ਮੇਲ ਮੁੱਖ ਮੰਤਰੀ ਦਫ਼ਤਰ ਦੇ ਨਾਲ-ਨਾਲ ਕਈ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ 13 ਸਤੰਬਰ ਤੱਕ ਮੁਹਾਲੀ ਦੇ ਪੀ ਸੀ ਏ ਸਟੇਡੀਅਮ ਵਿੱਚ ਕੋਈ ਵੀ ਮੈਚ ਦੇਖਣ ਨਾ ਜਾਵੇ। ਇਸ ਮੇਲ ਵਿੱਚ ਆਈਫੋਨ, ਐਂਡਰਾਇਡ ਅਤੇ ਆਈਪੈਡ ਬੈਟਰੀ ਬੰਬ ਚਲਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲਿਆਂ ਨੇ ਖੁਦ ਨੂੰ 'ਖਾਲਿਸਤਾਨ ਨੈਸ਼ਨਲ ਆਰਮੀ' ਅਤੇ 'ਬੱਬਰ ਖਾਲਸਾ' ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ।
ਧਮਕੀ ਦੀ ਖ਼ਬਰ ਮਿਲਦਿਆਂ ਹੀ ਬੰਬ ਨਿਰੋਧਕ ਦਸਤੇ, ਡੌਗ ਸਕੁਐਡ ਅਤੇ ਖੁਫ਼ੀਆ ਏਜੰਸੀਆਂ ਦੀਆਂ ਟੀਮਾਂ ਤੁਰੰਤ ਹਰਕਤ ਵਿੱਚ ਆ ਗਈਆਂ। ਮੁੱਖ ਮੰਤਰੀ ਦੀ ਰਿਹਾਇਸ਼, ਚੰਡੀਗੜ੍ਹ ਵਿਧਾਨ ਸਭਾ ਅਤੇ ਸਰਕਾਰੀ ਦਫ਼ਤਰਾਂ ਦੇ ਆਸ-ਪਾਸ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਗਿਆ ਹੈ। ਮੁਹਾਲੀ ਸਟੇਡੀਅਮ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਇਸ ਦੌਰਾਨ ਪੰਜਾਬ-ਹਰਿਆਣਾ ਸਕੱਤਰੇਤ ਅਤੇ ਵਿਧਾਨ ਸਭਾ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲੀਸ ਵਿੱਚ ਹੜਕੰਪ ਮਚ ਗਿਆ। ਈ-ਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਮਿਲਣ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ਤੇ ਪਹੁੰਚ ਗਈ। ਬੰਬ ਸਕੁਆਡ, ਆਪਰੇਸ਼ਨ ਸੈਲ, ਫਾਇਰ ਬ੍ਰਿਗੇਡ, ਮੈਡੀਕਲ ਫਸਟ ਰਿਸਪਾਂਸ ਟੀਮ (ਐਮਐਫਟੀ), ਐਂਬੂਲੈਂਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ। ਸਾਰੇ ਸਬੰਧਤ ਸਥਾਨਾਂ ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁਲੀਸ ਮੁਤਾਬਕ ਕੰਟਰੋਲ ਰੂਮ ਨੂੰ ਬੰਬ ਧਮਾਕੇ ਦੀ ਧਮਕੀ ਨਾਲ ਸਬੰਧਤ ਸੂਚਨਾ ਮਿਲੀ ਸੀ । ਇਸ ਤੋਂ ਬਾਅਦ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਮੌਕੇ ਤੇ ਮੌਜੂਦ ਟੀਮਾਂ ਨੇ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ।
ਫਿਲਹਾਲ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਨਾ ਘਬਰਾਉਣ ਅਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦੇਣ ਦੀ ਅਪੀਲ ਕੀਤੀ ਹੈ।
-punjabhighalert-bombthreat-pcastadium-punjabpolice-mohalinews