ਚੰਡੀਗੜ੍ਹ ’ਚ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ, ਖੁਦਕੁਸ਼ੀ ਜਾਂ ਕਤਲ—ਪੁਲੀਸ ਜਾਂਚ ’ਚ ਜੁਟੀ
Aug23,2026
| Jagrati Lahar Bureau | Chandigarh
ਸੈਕਟਰ-26 ਕਲੱਬ ’ਚ ਦੋਸਤਾਂ ਨਾਲ ਪਾਰਟੀ ਤੋਂ ਬਾਅਦ ਸੈਕਟਰ-17 ਪਹੁੰਚਿਆ ਸੀ ਨੌਜਵਾਨ
ਮੱਥੇ ’ਤੇ ਲੱਗੀ ਗੋਲੀ, ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲੀਸ
ਮੋਹਾਲੀ, 23 ਅਗਸਤ (ਗੁਰਵਿੰਦਰ ਸਿੰਘ)
ਚੰਡੀਗੜ੍ਹ ਦੇ ਸੈਕਟਰ-17 ਵਿੱਚ ਦੇਰ ਰਾਤ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲੁਧਿਆਣਾ ਵਾਸੀ ਅਜੈ ਗਿੱਲ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਲਈ ਚੰਡੀਗੜ੍ਹ ਆਇਆ ਸੀ ਅਤੇ ਅਕਸਰ ਹਰ ਹਫ਼ਤੇ ਇੱਥੇ ਆਉਂਦਾ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਅਜੈ ਗਿੱਲ ਆਪਣੇ ਦੋਸਤਾਂ ਨਾਲ ਸੈਕਟਰ-26 ਸਥਿਤ ਇੱਕ ਕਲੱਬ ਵਿੱਚ ਪਾਰਟੀ ਕਰਨ ਗਿਆ ਸੀ। ਪਾਰਟੀ ਤੋਂ ਬਾਅਦ ਉਹ ਆਪਣੇ ਸਾਥੀਆਂ ਸਮੇਤ ਸੈਕਟਰ-17 ਇਲਾਕੇ ਵਿੱਚ ਪਹੁੰਚਿਆ। ਇਸ ਦੌਰਾਨ ਉਸ ਨੇ ਆਪਣੇ ਇੱਕ ਦੋਸਤ ਨੂੰ ਸ਼ਰਾਬ ਦੀ ਬੋਤਲ ਲਿਆਉਣ ਲਈ ਕਿਹਾ। ਦੋਸਤ ਜਦੋਂ ਨੇੜਲੇ ਠੇਕੇ ਤੋਂ ਸ਼ਰਾਬ ਲੈ ਕੇ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਅਜੈ ਗੱਡੀ ਅੰਦਰ ਲਹੂ-ਲੁਹਾਨ ਹਾਲਤ ਵਿੱਚ ਪਿਆ ਸੀ।
ਦੋਸਤਾਂ ਵੱਲੋਂ ਤੁਰੰਤ ਉਸ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੋਲੀ ਨੌਜਵਾਨ ਦੇ ਮੱਥੇ ’ਤੇ ਲੱਗੀ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ-17 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਨੌਜਵਾਨ ਨੇ ਖੁਦ ਨੂੰ ਗੋਲੀ ਮਾਰੀ ਜਾਂ ਉਸ ਨੂੰ ਕਿਸੇ ਹੋਰ ਵਿਅਕਤੀ ਵੱਲੋਂ ਗੋਲੀ ਮਾਰੀ ਗਈ। ਪੁਲੀਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਦੀ ਅਸਲ ਸੱਚਾਈ ਸਾਹਮਣੇ ਲਿਆਉਣ ਲਈ ਪੁਲੀਸ ਵੱਲੋਂ ਸੈਕਟਰ-17 ਅਤੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲੀਸ ਜਾਂਚ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਅਤੇ ਗੋਲੀ ਚੱਲਣ ਦੀ ਸਹੀ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ।
-chandigarh-sector17-crimenews-gunshotdeath-ajaygill-policeinvestigation-cctvfootage