ਖੰਨਾ ਵਿਖੇ ਅਕਾਲੀ ਆਗੂ ਅਤੇ ਉਸਦਾ ਭਤੀਜਾ ਗ੍ਰਿਫ਼ਤਾਰ, ਨਗਰ ਕੌਂਸਲ ਚੋਣ ਜਿੱਤ ਮਗਰੋਂ ਵਿਰੋਧੀ ਉਮੀਦਵਾਰ ਦੇ ਘਰ ਬਾਹਰ ਹੰਗਾਮਾ ਕਰਨ, ਕੁੱਟਮਾਰ ਕਰਨ ਦੇ ਦੋਸ਼
May31,2026
| Ravinder Singh Dhillon | Khanna (ludhiana)
ਖੰਨਾ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਨੀ ਰੋਸ਼ਾ ਅਤੇ ਉਸਦੇ ਭਤੀਜੇ ਕਰਨ ਰੋਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਦੀ ਗ੍ਰਿਫ਼ਤਾਰੀ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਾਪਰੀ ਇੱਕ ਘਟਨਾ ਸਬੰਧੀ ਦਰਜ ਕੀਤੇ ਗਏ ਕੇਸ ਵਿੱਚ ਕੀਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਜਾਣਕਾਰੀ ਅਨੁਸਾਰ ਹਨੀ ਰੋਸ਼ਾ ਹਾਲ ਹੀ ਵਿੱਚ ਵਾਰਡ ਨੰਬਰ 30 ਤੋਂ ਨਗਰ ਕੌਂਸਲ ਚੋਣ ਜਿੱਤੇ ਹਨ। ਦੋਸ਼ ਹੈ ਕਿ ਚੋਣਾਂ ਵਿੱਚ ਜਿੱਤ ਤੋਂ ਬਾਅਦ ਹਨੀ ਰੋਸ਼ਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ਸਮਰਥਕਾਂ ਨਾਲ ਆਪਣੇ ਵਾਰਡ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਸੀ। ਇਸੇ ਦੌਰਾਨ ਉਹ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਪ੍ਰਦੀਪ ਕੁਮਾਰ ਉਰਫ਼ ਸੋਨੂ ਜੌਹਰ ਦੇ ਘਰ ਦੇ ਬਾਹਰ ਜਸ਼ਨ ਮਨਾਉਣ ਲੱਗੇ।
ਸ਼ਿਕਾਇਤ ਮੁਤਾਬਕ ਉੱਥੇ ਇਕੱਠੇ ਹੋਏ ਲੋਕਾਂ ਵੱਲੋਂ ਪਟਾਕੇ ਚਲਾਏ ਗਏ ਅਤੇ ਅਸ਼ਲੀਲ ਗਾਣੇ ਗਾਏ ਗਏ। ਦੋਸ਼ ਹੈ ਕਿ ਜਦੋਂ ਸੋਨੂ ਜੌਹਰ ਦੇ ਪਰਿਵਾਰਕ ਮੈਂਬਰਾਂ ਨੇ ਰੋਕਿਆ ਤਾਂ ਉਨ੍ਹਾਂ ਨਾਲ ਬਹਿਸ ਕੀਤੀ ਗਈ। ਗਾਲ੍ਹਾਂ ਕੱਢੀਆਂ ਗਈਆਂ ਅਤੇ ਬਾਅਦ ਵਿੱਚ ਘਰ ਅੰਦਰ ਵੜ ਕੇ ਹਮਲਾ ਕਰ ਦਿੱਤਾ ਗਿਆ। ਸੋਨੂੰ ਜੌਹਰ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਵੀ ਕੀਤੀ।
ਇਸ ਮਾਮਲੇ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਹਨੀ ਰੋਸ਼ਾ ਅਤੇ ਹੋਰਨਾਂ ਨੇ ਸੋਨੂ ਜੌਹਰ ਦੀ ਗਰਭਵਤੀ ਭਰਜਾਈ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਹੈ, ਜਿਸ ਦੇ ਆਧਾਰ ’ਤੇ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ।
ਸਿਟੀ ਥਾਣਾ ਖੰਨਾ ਦੀ ਪੁਲਿਸ ਨੇ ਸ਼ਿਕਾਇਤ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਨੀ ਰੋਸ਼ਾ, ਉਸਦੇ ਪੁੱਤਰ, ਦੋ ਭਤੀਜਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਦੋ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
Akali-Leader-And-His-Nephew-Arrested-In-Khanna