ਮੋਹਾਲੀ ਵਿੱਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਹੋਈ ਪੋਲਿੰਗ
May26,2026
| Gurvinder Singh Mohali | Mohali
ਵੋਟਰਾਂ ਵਿੱਚ ਨਹੀਂ ਦਿਖਿਆ ਉਤਸ਼ਾਹ, ਪਹਿਲਾਂ ਦੇ ਮੁਕਾਬਲੇ ਘੱਟ ਰਿਹਾ ਵੋਟਾਂ ਦਾ ਫੀਸਦੀ
ਮੋਹਾਲੀ , 26 ਮਈ (ਗੁਰਵਿੰਦਰ ਸਿੰਘ ) ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ ਲਈ ਅੱਜ ਸ਼ਹਿਰ ਦੇ 50 ਵਾਰਡਾਂ ਵਿੱਚ ਅਮਨ ਅਮਾਨ ਨਾਲ ਪੋਲਿੰਗ ਹੋਈ। ਹਾਲਾਂਕਿ ਇਸ ਦੌਰਾਨ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਤਨਾਓ ਦੇ ਹਾਲਾਤ ਵੀ ਬਣਦੇ ਨਜਰ ਆਏ ਪਰੰਤੂ ਪੁਲੀਸ ਦੀ ਚੌਕਸੀ ਕਾਰਨ ਹਾਲਾਤ ਕਾਬੂ ਹੇਠ ਰਹੇ।
ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਜਿਆਦਾਤਰ ਵਾਰਡਾਂ ਵਿੱਚ ਵੋਟ ਪ੍ਰੀਤਸ਼ਤ ਵੀ ਘੱਟ ਰਿਹਾ ਅਤੇ ਵੱਡੀ ਗਿਣਤੀ ਲੋਕ ਵੋਟਾਂ ਪਾਉਣ ਲਈ ਘਰਾਂ ਤੋਂ ਹੀ ਨਹੀਂ ਨਿਕਲੇ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ੁਰੂਆਤ ਵਿੱਚ ਵੋਟਾਂ ਪਾਉਣ ਦੀ ਰਫਤਾਰ ਵੀ ਮੱਠੀ ਰਹੀ। ਸਵੇਰੇ 10 ਵਜੇ ਤਕ ਵਾਰਡ ਨੰ. 1 ਤੋਂ 50 ਤਕ ਵਿੱਚ ਔਸਤ 13.3 ਫੀਸਦੀ ਵੋਟਾਂ ਪਈਆਂ ਸਨ। ਬਾਅਦ ਵਿੱਚ ਵੋਟਾਂ ਪੈਣ ਦੀ ਰਫਤਾਰ ਨੇ ਥੋੜ੍ਹੀ ਤੇਜੀ ਫੜੀ ਅਤੇ ਦੁਪਹਿਰ 12 ਵਜੇ ਤਕ ਵਾਰਡ ਨੰਬਰ 1 ਤੋਂ 50 ਤਕ ਵਿੱਚ 29.28 ਫੀਸਦੀ ਵੋਟਿੰਗ ਹੋਈ ਸੀ।
ਇਸਤੋਂ ਬਾਅਦ ਵੋਟਾਂ ਪਾਉਣ ਦੀ ਰਫਤਾਰ ਵਿੱਚ ਫਿਰ ਕਮੀ ਆਈ ਅਤੇ ਦੁਪਹਿਰ ਦੋ ਵਜੇ ਤਕ 39. 14 ਫੀਸਦੀ ਵੋਟਾਂ ਪਈਆਂ ਸਨ ਅਤੇ ਵੋਟਿੰਗ ਦਾ ਸਮਾਂ ਖਤਮ ਹੋਣ ਤਕ ਵੋਟਾਂ ਦੇ ਅੰਕੜੇ ਦੇ 50-55 ਫੀਸਦੀ ਤਕ ਪਹੁੰਚਣ ਦੀ ਆਸ ਸੀ।
ਇਸ ਦੌਰਾਨ ਵਾਰਡ ਨੰਬਰ 39 ਵਿੱਚ ਚਲ ਰਹੀ ਪੋਲਿੰਗ ਦੌਰਾਨ ਆਮ ਅਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਝਗੜੇ ਦੀ ਨੌਬਤ ਬਣ ਗਈ ਪਰੰਤੂ ਮੌਕੇ ਤੇ ਮੌਜੂਦ ਪੁਲੀਸ ਫੋਰਸ ਵਲੋਂ ਦੋਵਾਂ ਉਮੀਦਵਾਰ ਦੇ ਸਮਰਥਕਾਂ ਨੂੰ ਪਾਸੇ ਕਰ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਆਪ ਉਮੀਦਵਾਰ ਦੇ ਸਮਰਥਕ ਬੂਥ ਤੇ ਕਬਜਾ ਕਰਨ ਦੀ ਕੋਸ਼ਿਸ਼ ਵਿੱਚ ਸਨ ਅਤੇ ਪੁਲੀਸ ਮੂਕ ਦਰਸ਼ਕ ਬਣੀ ਹੋਈ ਸੀ ਜਿਸਤੇ ਝਗੜਾ ਹੋਇਆ ਅਤੇ ਬਾਅਦ ਵਿੱਚ ਪੁਲੀਸ ਅਤੇ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਹਾਲਾਤ ਤੇ ਕਾਬੂ ਪਾਇਆ। ਨੰਬਰ 32 ਵਿੱਚ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਵਿਚਕਾਰ ਝਗੜੇ ਦੀ ਨੌਬਤ ਬਣ ਗਈ ਅਤੇ ਇਸ ਦੌਰਾਨ ਧੱਕਾ ਮੁੱਕੀ ਵੀ ਹੋਈ। ਇਸ ਦੌਰਾਨ ਇੱਕ ਧਿਰ ਦੇ ਇੱਕ ਨੌਜਵਾਨ ਦੇ ਕਪੜੇ ਵੀ ਫਟ ਗਏ ਅਤੇ ਉਸਦੇ ਸਾਥੀ ਉਸਨੂੰ ਫੜ ਕੇ ਇੱਕ ਪਾਸ ਲੈ ਗਏ। ਇਸ ਦੌਰਾਨ ਪੁਲੀਸ ਫੋਰਸ ਵੀ ਮੌਜੂਦ ਸੀ ਪਰੰਤੂ ਉਹ ਵੀ ਇਸ ਝਗੜੇ ਨੂੰ ਰੋਕ ਨਹੀਂ ਪਾਈ।
ਇਸ ਦੌਰਾਨ ਵਿਰੋਧੀ ਪਾਰਟੀ ਦੇ ਆਗੂਆਂ ਅਤੇ ਵੱਖ ਵੱਖ ਵਾਰਡਾਂ ਦੇ ਉਮੀਦਵਾਰਾਂ ਵਲੋਂ ਇਲਜਾਮ ਲਗਾਇਆ ਗਿਆ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਸ਼ਰੇਆਮ ਧਾਂਧਲੀ ਕੀਤੀ ਜਾਂਦੀ ਰਹੀ ਪਰੰਤੂ ਪੁਲੀਸ ਅਤੇ ਪ੍ਰਸ਼ਾਸ਼ਨ ਵਲੋਂ ਇਸ ਸਾਰੇ ਕੁੱਝ ਨੂੰ ਰੋਕਣ ਦੀ ਥਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਖੁੱਲੀ ਛੂਟ ਦਿੱਤੀ ਹੋਈ ਸੀ। ਇਸ ਦੌਰਾਨ ਵਾਰਡ ਨੰਬਰ 6, ਵਾਰਡ ਨੰਬਰ 15, ਵਾਰਡ ਨੰਬਰ 28 ਅਤੇ ਵਾਰਡ ਨੰਬਰ 36 ਵਿੱਚ ਵੀ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਬਹਿਸਬਾਜੀ ਹੋਣ ਦੀ ਖਬਰ ਹੈ।
Muncipal-Corporation-Ludhiana-