ਈ.ਓ ਵਿੰਗ ਮੋਹਾਲੀ ਦੇ ਮੁਣਸ਼ੀ ਨੇ ਮੰਗੀ ਸੀ ਰਿਸ਼ਵਤ, ਮੁਣਸ਼ੀ ਫਰਾਰ, ਮਾਮਲਾ ਦਰਜ
ਮੋਹਾਲੀ, 15 ਜਨਵਰੀ (ਗੁਰਵਿੰਦਰ ਸਿੰਘ) ਵਿਜੀਲੈਂਸ ਵਲੋਂ ਈ.ਓ ਵਿੰਗ ਮੁਹਾਲੀ ਵਿੱਚ ਤੈਨਾਤ ਮੁਨਸ਼ੀ ਹੌਲਦਾਰ ਅੰਮ੍ਰਿਤਪਾਲ ਸਿੰਘ ਦੇ ਵਿਰੁਧ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਵਲੋਂ 50 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆ ਇਕ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ (ਜੋ ਅਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਹੈ) ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੂੰ ਅਸ਼ੋਕ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਸੀ ਕਿ ਇਕ ਮਾਮਲੇ ਦੇ ਸਬੰਧ ਵਿੱਚ ਉਸ ਨੂੰ ਈ. ਓ. ਵਿੰਗ ਮੁਹਾਲੀ ਵਿਖੇ ਬੁਲਾਇਆ ਗਿਆ ਸੀ, ਜਿਥੇ ਉਸ ਨੂੰ ਹੌਲਦਾਰ ਅਮ੍ਰਿਤਪਾਲ ਸਿੰਘ ਮਿਲਿਆ, ਜਿਸ ਨੇ ਕਿਹਾ ਕਿ ਉਹ ਈ.ਓ ਵਿੰਗ ਵਿੱਚ ਬਤੌਰ ਮੁਣਸ਼ੀ ਤੈਨਾਤ ਹੈ ਅਤੇ ਉਹ ਹੀ ਉਸ ਦੇ ਮਾਮਲੇ ਦਾ ਨਿਪਟਾਰਾ ਕਰ ਸਕਦਾ ਹੈ।
ਅਸ਼ੋਕ ਕੁਮਾਰ ਨੇ ਵਿਜੀਲੈਂਸ ਨੂੰ ਦੱਸਿਆ ਕਿ ਅਮ੍ਰਿਤਪਾਲ ਸਿੰਘ ਵਲੋਂ ਮਾਮਲੇ ਨੂੰ ਨਿਪਟਾਉਣ ਲਈ ਇਕ ਮੋਟੀ ਰਕਮ ਮੰਗੀ ਗਈ, ਜਿਸ ਰਕਮ ਨੂੰ ਦੇਣ ਤੋਂ ਉਸ ਨੇ ਅਸਮਰਥਾ ਪ੍ਰਗਟਾਈ। ਅਸ਼ੋਕ ਕੁਮਾਰ ਮੁਤਾਬਕ ਅਮ੍ਰਿਤਪਾਲ ਸਿੰਘ ਨੇ ਬਿਨਾਂ ਰਿਸ਼ਵਤ ਤੋਂ ਉਸ ਦੇ ਮਾਮਲੇ ਦਾ ਨਿਪਟਾਰਾ ਕਰਨ ਤੋਂ ਮਨਾਂ ਕਰ ਦਿੱਤਾ। ਆਖਰਕਾਰ ਅੰਮ੍ਰਿਤਪਾਲ ਸਿੰਘ ਅਤੇ ਉਸ ਵਿਚਕਾਰ 50 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਰਿਸ਼ਵਤ ਦੇਣ ਤੋਂ ਪਹਿਲਾਂ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਦਾ ਮਨ ਬਣਾਇਆ ਅਤੇ ਅਮ੍ਰਿਤਪਾਲ ਸਿੰਘ ਦੀ ਪੈਸੇ ਮੰਗਣ ਵਾਲੀ ਸ਼ਿਕਾਇਤ ਵਿਜੀਲੈਂਸ ਨੂੰ ਦੇ ਦਿੱਤੀ। ਵਿਜੀਲੈਂਸ ਵਲੋਂ ਉਕਤ ਸ਼ਿਕਾਇਤ ਮਿਲਣ ਤੇ ਅੱਜ ਟ੍ਰੈਪ ਲਗਾਇਆ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਤਾਂ ਵਿਜੀਲੈਂਸ ਦੇ ਹੱਥ ਨਹੀਂ ਲੱਗਾ ਪ੍ਰੰਤੂ ਹੌਲਦਾਰ ਅੰਮ੍ਰਿਤਪਾਲ ਸਿੰਘ ਦੀ ਜਗਾ ਇਕ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਵਲੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ ਵਿਰੁਧ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸੰਪਰਕ ਕਰਨ ਤੇ ਐਸ. ਐਸ. ਪੀ. ਦੀਪਕ ਪਾਰੀਕ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਜਿਹੜਾ ਵੀ ਪੁਲੀਸ ਕਰਮਚਾਰੀ ਰਿਸ਼ਵਤ ਮੰਗਣ ਜਾਂ ਲੈਣ ਦਾ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।