ਬੀਤੇ ਦਿਨ ਪੁਲੀਸ ਨੇ 128 ਗ੍ਰਾਮ ਹੈਰੋਈਨ ਸਮੇਤ ਕੀਤਾ ਸੀ ਗ੍ਰਿਫਤਾਰ
ਮੋਹਾਲੀ, 24 ਅਕਤੂਬਰ (ਗੁਰਵਿੰਦਰ ਸਿੰਘ) ਬੀਤੀ ਸ਼ਾਮ ਏ ਐਨ ਟੀ ਐਫ ਦੀ ਟੀਮ ਵੱਲੋਂ ਫਿਰੋਜਪੁਰ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਉਸਦੇ ਭਤੀਜੇ ਜਸਕੀਰਤ ਸਿੰਘ ਨੂੰ 128 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਅੱਜ ਦੋਵਾਂ ਨੂੰ ਸਬੰਧਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਪੁਲੀਸ ਵੱਲੋਂ ਦੋਵਾਂ ਮੁਲਜਮਾਂ ਦਾ ਸੱਤ ਦਿਨ ਦਾ ਪੁਲੀਸ ਰਿਮਾਂਡ ਮੰਗਿਆ ਗਿਆ ਸੀ ਅਤੇ ਤਰਕ ਦਿੱਤਾ ਗਿਆ ਸੀ ਕਿ ਇਹਨਾਂ ਕੋਲੋਂ ਪੁੱਛ ਗਿੱਛ ਕਰਨੀ ਹੈ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿਸ ਨੂੰ ਦੇਣੀ ਸੀ। ਦੂਜੇ ਪਾਸੇ ਬੱਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਤਰਕ ਦਿੱਤਾ ਕਿ ਸਤਿਕਾਰ ਕੌਰ ਸਾਬਕਾ ਵਿਧਾਇਕ ਹਨ ਅਤੇ ਉਨਾਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਪੁਲੀਸ ਵੱਲੋਂ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ। ਮਾਣਯੋਗ ਅਦਾਲਤ ਵੱਲੋਂ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਬਕਾ ਵਿਧਾਇਕ ਸਤਿਕਾਰ ਕੌਰ ਅਤੇ ਉਸਦੇ ਭਤੀਜੇ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ। ਇੱਥੇ ਜਿਕਰਯੋਗ ਹੈ ਕਿ ਪੁਲੀਸ ਨੇ ਸਾਬਕਾ ਵਿਧਾਇਕ ਸਤਿਕਾਰ ਕੌਰ, ਉਸ ਦੇ ਭਤੀਜੇ ਨੂੰ ਖਰੜ ਤੋਂ ਹੈਰੋਇਨ ਤਸਕਰੀ ਕਰਦਿਆਂ 128 ਗ੍ਰਾਮ ਹੈਰੋਇਨ, 1.56 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ ਅਤੇਬੀ. ਐਮ. ਡਬਲਿਓ., ਫਾਰਚੂਨਰ, ਵਰਨਾ ਅਤੇ ਸ਼ੈਵਰਲੇ ਗੱਡੀ ਨੂੰ ਵੀ ਜ਼ਬਤ ਕੀਤਾ ਸੀ। ਇਸ ਸਬੰਧ ਵਿਚ ਥਾਣਾ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.), ਐਸ. ਏ. ਐਸ. ਨਗਰ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 ਅਤੇ 29 ਅਧੀਨ ਕੇਸ ਦਰਜ ਕੀਤਾ ਗਿਆ ਹੈ।